ਗੁਰਦਾਸਪੁਰ ਵਿਚ ਹਨ ਪੰਜਾਬ ਦੇ ਆਟੋਮੈਟਿਕ ਬੋਰ ਜਿਥੇ ਬਿਨਾ ਡੀਜ਼ਲ ,ਬਿਜਲੀ ਦੇ ਆਪਣੇ ਆਪ ਨਿਕਲਦਾ ਹੈ ਪਾਣੀ

November 24, 2017

ਦੇਸ਼ ਦੇ ਵੱਖ-ਵੱਖ ਹਿੱਸਿਆਂ ਅੰਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਾਰਨ ਜਿਥੇ ਕਈ ਇਲਾਕਿਆਂ ਅੰਦਰ ਸੋਕੇ ਵਰਗੀ ਸਥਿਤੀ ਬਣ ਚੁੱਕੀ ਹੈ, ਉਸ ਦੇ ਉਲਟ ਰਾਵੀ ਅਤੇ ਬਿਆਸ ਦਰਿਆ ਦੇ ਨਾਲ ਲੱਗਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਬੇਟ ਇਲਾਕੇ ਅੰਦਰ ਦਰਜਨਾਂ ਸਥਾਨ ਅਜਿਹੇ ਹਨ, ਜਿਨ੍ਹਾਂ ’ਤੇ ਪਿਛਲੇ ਕਈ ਦਹਾਕਿਆਂ ਤੋਂ ਸ਼ੁੱਧ ਪਾਣੀ ਦੇ ਵੱਡੇ ਚਸ਼ਮੇ ਆਪ ਮੁਹਾਰੇ ਫੁਟ ਰਹੇ ਹਨ।

ਬਿਜਲੀ ਕੁਨੈਕਸ਼ਨ, ਮੋਟਰ ਜਾਂ ਜਨਰੇਟਰ ਦੀ ਮਦਦ ਤੋਂ ਬਗੈਰ ਹੀ ਵੱਡੀ ਮਾਤਰਾ ਵਿਚ ਧਰਤੀ ਹੇਠੋਂ ਆਪਣੇ-ਆਪ ਨਿਕਲ ਰਿਹਾ ਇਹ ਪਾਣੀ ਜਿਥੇ ਕੁਦਰਤ ਦੇ ਕ੍ਰਿਸ਼ਮੇ ਨੂੰ ਉਜਾਗਰ ਕਰ ਰਿਹਾ ਹੈ, ਉਥੇ ਇਸ ਸ਼ੁੱਧ ਪਾਣੀ ਨੂੰ ਸੰਭਾਲਣ ਅਤੇ ਵਰਤਣ ਸਬੰਧੀ ਕਿਸੇ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਵੱਖ-ਵੱਖ ਸਰਕਾਰਾਂ ਦੀ ਪਾਣੀ ਨੂੰ ਬਚਾਉਣ ਸਬੰਧੀ ਲਾਪ੍ਰਵਾਹੀ ਵੀ ਉਜ਼ਾਗਰ ਹੋ ਰਹੀ ਹੈ।

ਗੁਰਦਾਸਪੁਰ ਜ਼ਿਲ੍ਹੇ ਅੰਦਰ ਇਤਿਹਾਸਿਕ ਗੁਰਦੁਆਰਾ ਘੱਲੂਘਾਰਾ ਸਾਹਿਬ ਨੇੜੇ ਕਾਹਨੂੰਵਾਨ ਛੰਭ ਅਤੇ ਦਰਿਆ ਬਿਆਸ ਦੇ ਨੇੜਲੇ ਸੇਮ ਵਾਲੇ ਇਲਾਕੇ ਵਿਚ ਕਰੀਬ ਤਿੰਨ ਦਰਜਨ ਅਜਿਹੇ ਸਥਾਨ ਹਨ ਜਿਥੇ ਕਿਸਾਨਾਂ ਨੇ ਇਸ ਪਾਣੀ ਦੀ ਵਰਤੋਂ ਕਰਨ ਲਈ ਖੇਤਾਂ ਵਿਚ 200 ਤੋਂ 300 ਫੁੱਟ ਡੂੰਘਾ ਬੋਰ ਕਰਕੇ ਇਸ ਵਿਚ ਲੋਹੇ ਦੀਆਂ ਪਾਈਪਾਂ ਪਾਈਆਂ ਹੋਈਆਂ ਹਨ ਅਤੇ ਉੱਪਰ ਵਾਲੇ ਪਾਸੇ ਉਸ ਨੂੰ ਟਿਊਬਵੈੱਲ ਵਾਲੀ ਦਿੱਖ ਦੇ ਕੇ ਉਸ ਦੇ ਦੁਆਲੇ ਬਕਾਇਦਾ ਹੌਦੀ/ਚਬੱਚਾ ਵੀ ਬਣਾਇਆ ਹੋਇਆ ਹੈ।

ਪਰ ਪਾਣੀ ਨੂੰ ਉਪਰ ਲਿਆਉਣ ਲਈ ਕਿਸੇ ਵੀ ਕਿਸਮ ਦਾ ਪੰਪ, ਮੋਟਰ ਜਾਂ ਜਨਰੇਟਰ ਨਹੀਂ ਲਗਾਇਆ ਗਿਆ। ਇਨ੍ਹਾਂ ਟਿਊਬਵੈੱਲਾਂ ਤੋਂ ਨਿਕਲਣ ਵਾਲੇ ਪਾਣੀ ਨਾਲ ਲੋਕ ਆਪਣੀਆਂ ਫ਼ਸਲਾਂ ਦੀ ਲੋੜ ਮੁਤਾਬਿਕ ਸਿੰਚਾਈ ਕਰ ਲੈਂਦੇ ਹਨ। ਪਰ ਸਰਦੀਆਂ ਅਤੇ ਬਰਸਾਤ ਦੇ ਦਿਨਾਂ ਵਿਚ ਇੱਥੇ ਸੇਮ ਦੀ ਮਾਰ ਜ਼ਿਆਦਾ ਹੋਣ ਕਾਰਨ ਕਿਸਾਨ ਇਨ੍ਹਾਂ ਟਿਊਬਵੈੱਲਾਂ ਦੇ ਪਾਣੀ ਨੂੰ ਛੋਟੀਆਂ-ਵੱਡੀਆਂ ਡਰੇਨਾਂ ਵੱਲ ਮੋੜ ਦਿੰਦੇ ਹਨ। ਕੁਝ ਕਿਸਾਨਾਂ ਨੇ ਲੋੜ ਨਾ ਹੋਣ ’ਤੇ ਇਸ ਪਾਣੀ ਨੂੰ ਬੰਦ ਕਰਨ ਲਈ ਲੋਹੇ ਦੀਆਂ ਪਾਈਪਾਂ ਉਪਰ ਬਕਾਇਦਾ ਢੱਕਣ/ਵਾਲਵ ਵੀ ਲਗਾਏ ਹੋਏ ਹਨ।

ਪੰਡੋਰੀ ਬੈਂਸਾਂ ਵਿਚ ਲੱਗੇ ਪੰਪ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੋਣ ਕਾਰਨ ਇਸ ਦਾ ਢੱਕਣ ਬੰਦ ਕਰਨ ਅਤੇ ਖੋਲ੍ਹਣ ਵਿਚ ਵੀ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਪੇਸ਼ ਆਉਂਦੀ ਹੈ। ਇਹ ਸਾਰੇ ਟਿਊਬਵੈਲ ਸਬਮਰਸੀਬਲ ਅਤੇ ਮੋਟਰ ਵਾਲੇ ਟਿਊਬਵੈਲਾਂ ਵਾਂਗ ਪੂਰੇ ਪ੍ਰੈਸ਼ਰ ਨਾਲ ਪਾਣੀ ਕੱਢਦੇ ਹਨ। ਇੱਥੇ ਹੀ ਬਸ ਨਹੀਂ ਇਸ ਇਲਾਕੇ ਵਿਚ ਬਹੁਤ ਸਾਰੇ ਸਥਾਨ ਅਜਿਹੇ ਵੀ ਹਨ, ਜਿੱਥੇ ਪੱਧਰੀ ਜ਼ਮੀਨ ਵਿਚੋਂ ਹੀ ਲਗਾਤਾਰ ਪਾਣੀ ਨਿਕਲਦਾ ਰਹਿੰਦਾ ਹੈ।

ਇਸ ਇਲਾਕੇ ਦੇ ਲੋਕ ਇਸ ਸਹੂਲਤ ਨੂੰ ਕੁਦਰਤ ਦਾ ਕ੍ਰਿਸ਼ਮਾ ਮੰਨਦੇ ਹਨ ਜਦੋਂਕਿ ਵਿਗਿਆਨੀਆਂ ਮੁਤਾਬਿਕ ਇਸ ਇਲਾਕੇ ਵਿਚ ਪਾਣੀ ਦਾ ਪੱਧਰ ਉੱਚਾ ਅਤੇ ਧਰਤੀ ਹੇਠ ਪਾਣੀ ਦਾ ਪ੍ਰੈੱਸ਼ਰ ਜ਼ਿਆਦਾ ਹੋਣ ਕਾਰਨ ਹੀ ਪਾਣੀ ਆਪ-ਮੁਹਾਰੇ ਚਸ਼ਮਿਆਂ ਵਾਂਗ ਫੁਟ ਕੇ ਬਾਹਰ ਆਉਂਦਾ ਹੈ।

ਇਨ੍ਹਾਂ ਟਿਊਬਵੈਲਾਂ ਦੇ ਪਾਣੀ ਦਾ ਪਤਾ ਲੱਗਣ ’ਤੇ ਜਲੰਧਰ ਨਾਲ ਸਬੰਧਿਤ ਵਪਾਰੀ ਰਜਿੰਦਰ ਸਿੰਘ ਨੇ ਇਸ ਸਥਾਨ ’ਤੋਂ ਪਾਣੀ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਜਾਂਚ ਕਰਨ ਉਪ੍ਰੰਤ ਦੱਸਿਆ ਕਿ ਇਹ ਪਾਣੀ, ਬੋਤਲਬੰਦ ਪਾਣੀ ਨਾਲੋਂ ਵੀ ਜ਼ਿਆਦਾ ਸ਼ੁੱਧ ਹੈ। ਇਸੇ ਤਰ੍ਹਾਂ ਇਸ ਇਲਾਕੇ ਦੇ ਲੋਕ ਵੀ ਇਸ ਪਾਣੀ ਨੂੰ ਸ਼ੁੱਧ ਮਨ ਕੇ ਘਰਾਂ ਵਿਚ ਵੀ ਇਸ ਦੀ ਵਰਤੋਂ ਕਰਦੇ ਹਨ।

ਇਸ ਇਲਾਕੇ ਅੰਦਰ ਜ਼ਿਆਦਾ ਫ਼ਸਲਾਂ ਦੀ ਸਿੰਚਾਈ ਵੀ ਅਜਿਹੇ ਆਟੋਮੈਟਿਕ ਬੋਰਾਂ ਨਾਲ ਹੀ ਹੁੰਦੀ ਹੈ ਅਤੇ ਫਸਲਾਂ ਦੀ ਪੈਦਾਵਾਰ ਵੀ ਵਧੀਆ ਨਿਕਲਦੀ ਹੈ। ਬਹੁਤ ਸਾਰੇ ਕਿਸਾਨਾਂ ਅਤੇ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਭਾਵੇਂ ਅਜਿਹੇ ਟਿਊਬਵੈਲ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੇ ਹਨ ਪਰ ਕਿਤੇ ਨਾ ਕਿਤੇ ਇਨ੍ਹਾਂ ਵਿਚੋਂ ਲਗਾਤਾਰ ਨਿਕਲਦਾ ਪਾਣੀ ਸੇਮ ਵਰਗੀਆਂ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ।

ਵੀਡੀਓ ਵੀ ਦੇਖੋ 

ਗੁਰਦਾਸ ਪੁਰ ਚ ਕੁਦਰਤੀ ਪਾਣੀ ਦੇ ਚਸ਼ਮੇ

Posted by Aman Singh on Saturday, 10 October 2015