ਹਾੜੀ ਦੀਆਂ ਫ਼ਸਲਾਂ ਦੇ ਨਵੇਂ ਸਮਰਥਨ ਮੁੱਲ ਦਾ ਐਲਾਨ ,ਏਨੇ ਰੁਪਏ ਵਧੇ ਕਣਕ ਅਤੇ ਦਾਲਾਂ ਦੇ ਭਾਅ

ਕੇਂਦਰ ਸਰਕਾਰ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ 110 ਰੁਪਏ ਪ੍ਰਤੀ ਕੁਇੰਟਲ ਵਾਧਾ ਕਰ ਦਿੱਤਾ ਹੈ। ਮੁੱਲ ਵਿੱਚ ਇਸ ਵਾਧੇ ਨਾਲ ਕਣਕ ਦਾ ਨਵਾਂ ਮੁੱਲ 1,735 ਪ੍ਰਤੀ ਕੁਇੰਟਲ ਹੋ ਗਿਆ ਹੈ। ਦੂਜੇ ਪਾਸੇ ਦਾਲਾਂ ਵਿੱਚ ਵੀ 200 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ। ਦੇਖਣ ਨੂੰ ਇਹ ਮੁੱਲ ਠੀਕ ਲੱਗ ਰਿਹਾ ਹੈ । ਪਰ ਅੱਜ ਕੱਲ੍ਹ ਦੇ ਖੇਤੀ ਖ਼ਰਚਿਆਂ ਨੂੰ ਦੇਖਦੇ ਹੋਏ ਕਣਕ ਦਾ ਘਟੋ ਘੱਟ ਸਮਰਥਨ ਮੁੱਲ 2500 ਰੁਪਏ ਚਾਹੀਦਾ ਹੈ ਜਿਸ ਹਿਸਾਬ ਨਾਲ ਮੋਦੀ ਸਰਕਾਰ ਰੋਜ ਹੀ ਕੁਝ ਨਾ ਕੁਝ ਮਹਿੰਗਾ ਕਰ ਰਹੀ ਹੈ ਉਸ ਹਿਸਾਬ ਨਾਲ ਇਹ ਭਾਅ ਘੱਟ ਹੀ ਹੈ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੇ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਫ਼ਸਲ ਸਾਲ 2017-18 ਲਈ ਹਾੜੀ ਫ਼ਸਲਾਂ ਲਈ ਐਮਐਸਪੀ ਦੀ ਮਨਜ਼ੂਰੀ ਦੇ ਦਿੱਤੀ ਹੈ। ਐਮਐਸਪੀ ਉਹ ਦਰ ਹੈ ਜਿਸ ਉੱਤੇ ਸਰਕਾਰ ਕਿਸਾਨਾਂ ਤੋਂ ਅਨਾਜ ਦੀ ਖ਼ਰੀਦ ਕਰਦੀ ਹੈ।

ਸੂਤਰਾਂ ਮੁਤਾਬਕ ਸੀਸੀਈਏ ਨੇ ਸਾਲ 2017 ਲਈ ਕਣਕ ਲਈ ਭਾਅ 110 ਰੁਪਏ ਵਧਾ ਕੇ 1,735 ਪ੍ਰਤੀ ਕੁਇੰਟਲ ਕਰ ਦਿੱਤਾ ਹੈ ਜਦਕਿ ਬੀਤੇ ਸਾਲ ਇਸ ਦਾ ਮੁੱਲ 1,625 ਪ੍ਰਤੀ ਕੁਇੰਟਲ ਸੀ। ਛੋਲੇ ਤੇ ਮਸਰ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇਸ ਦੀ ਐਮਐਸਪੀ 200 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਕ੍ਰਮਵਾਰ 4200 ਰੁਪਏ ਤੇ 4150 ਰੁਪਏ ਕਰ ਦਿੱਤੀ ਹੈ। ਤਿਲਹਨ ਦੀ ਗੱਲ ਕਰੀਏ ਤਾਂ ਸਰ੍ਹੋਂ ਤੇ ਕੁਸੁਮ ਦੀ ਬੀਜਾਂ ਦੀ ਐਮਐਸਪੀ ਵਿੱਚ ਵਾਧਾ ਕੀਤਾ ਹੈ।

ਫ਼ਸਲਾਂ ਦੇ ਮੁੱਲ ਵਿੱਚ ਵਾਧਾ ਖੇਤੀ ਤੇ ਲਾਗਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਕੀਤੀ ਗਈ ਹੈ। ਕਣਕ ਮੁੱਖ ਤੌਰ ‘ਤੇ ਹਾੜੀ ਦੀ ਫ਼ਸਲ ਹੈ। ਇਸ ਦੀ ਬਿਜਾਈ ਇਸ ਮਹੀਨੇ ਤੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਹ ਬਾਜ਼ਾਰ ਵਿੱਚ ਵਿੱਕਰੀ ਲਈ ਅਗਲੇ ਸਾਲ ਅਪ੍ਰੈਲ ਵਿੱਚ ਆਵੇਗੀ।