ਸ਼ੁਰੂ ਕਰ ਲਓ ਤਿਆਰੀ, ਜਾਂਦੀ ਜਾਂਦੀ ਸਰਕਾਰ ਕੱਢ ਰਹੀ ਹੈ ਇਹ ਨੌਕਰੀਆਂ

ਬਹੁਤ ਸਾਰੇ ਪੰਜਾਬੀ ਨੌਜਵਾਨ ਚੰਗੀ ਪੜ੍ਹਾਈ ਤੋਂ ਬਾਅਦ ਵੀ ਬੇਰੋਜ਼ਗਾਰੀ ਦੀ ਮਾਰ ਝੇਲ ਰਹੇ ਹਨ। ਪਰ ਹੁਣ ਕੈਪਟਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਇੱਕ ਨਵੀਂ ਖੁਸ਼ਖਬਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਸਰਕਾਰੀ ਨਿਯੁਕਤੀਆਂ ਨੂੰ ਲੈਕੇ ਇੱਕ ਵੱਡਾ ਫ਼ੈਸਲਾ ਕੀਤਾ ਗਿਆ ਹੈ।

ਇਸ ਦਿਸ਼ਾ ਵਿਚ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਪੰਜ ਹੋਰ ਵਿਭਾਗਾਂ ਦੇ ਪੁਨਰਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਕੀਤੇ ਗਏ ਫ਼ੈਸਲੇ ਨਾਲ 1875 ਨਵੀਆਂ ਅਸਾਮੀਆਂ ਕੱਢੀਆਂ ਹਨ ।ਜਲਦ ਹੀ ਇਹਨਾਂ ਨੌਕਰੀਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ ।

ਜਿਨ੍ਹਾਂ ਪੰਜ ਵਿਭਾਗਾਂ ਵਿਚ ਅਸਾਮੀਆਂ ਨਿਕਲੀਆਂ ਹਨ ਉਹ ਹਨ ਮਾਲ, ਮੁੜ ਵਸੇਬਾ ਤੇ ਆਫ਼ਤਨ ਪ੍ਰਬੰਧਨ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਯੋਜਨਾ, ਸਮਾਜਿਕ ਨਿਆਂ ਸਸ਼ਕਤੀਕਰਨ ਤੇ ਘੱਟ ਗਿਣਤੀ ਅਤੇ ਸ਼ਹਿਰੀ ਹਵਾਬਾਜ਼ੀ ਹਨ।

ਮਾਲ, ਮੁੜ ਵਸੇਬਾ ਤੇ ਆਫ਼ਤਨ ਪ੍ਰਬੰਧਨ ਦੇ ਪੁਨਰਗਠਨ ਦੀ ਯੋਜਨਾ ਵਿਚ ਮੰਤਰੀ ਮੰਡਲ ਨੇ ਡਿਵੀਜ਼ਨਲ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਤੋਂ ਇਲਾਵਾ ਫਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ ਵਿਚ ਨਵੀਆਂ ਬਣਾਈਆਂ ਸਬ ਡਿਵੀਜ਼ਨਾਂ/ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਦਫਤਰਾਂ ਵਿਚ ਵੱਖ-ਵੱਖ ਵਰਗਾਂ ਦੀਆਂ ਅਸਾਮੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿਚ 12 ਨਵੀਆਂ ਅਸਾਮੀਆਂ ਦੀ ਸਿਰਜਣਾ ਕੀਤੀ ਜਾਵੇਗੀ। ਮੰਤਰੀ ਮੰਡਲ ਨੇ ਪੇਸ਼ੇਵਾਰ ਸੇਵਾਵਾਂ ਨਾਲ ਸਬੰਧਤ 101 ਅਸਾਮੀਆਂ (ਇਸਤਰੀ ਤੇ ਬਾਲ ਵਿਕਾਸ ਵਿੰਗ ਵਿਚ 62 ਅਤੇ ਸਮਾਜਿਕ ਸੁਰੱਖਿਆ ਵਿੰਗ ਵਿਚ 39) ਆਊਟਸੋਰਸਿੰਗ ਰਾਹੀਂ ਭਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਇਸੇ ਤਰ੍ਹਾਂ ਯੋਜਨਾ ਵਿਭਾਗ ਦੇ ਪੁਨਰਗਠਨ ਦੀ ਯੋਜਨਾ ਮਨਜ਼ੂਰ ਕਰਦਿਆਂ ਖਾਲੀ ਹੋ ਚੁੱਕੀਆਂ 637 ਅਸਾਮੀਆਂ ਦੀ ਥਾਂ ‘ਤੇ 219 ਅਸਾਮੀਆਂ (ਪੰਜਾਬ ਰਾਜ ਯੋਜਨਾ ਬੋਰਡ ਦੀਆਂ 5 ਅਤੇ ਆਰਥਿਕ ਤੇ ਅੰਕੜਾ ਸੰਗਠਨ ਦੀਆਂ 214) ਦੀ ਸਿਰਜਣਾ ਕੀਤੀ ਗਈ।

ਕੈਬਨਿਟ ਨੇ ਸਮਾਜਿਕ ਨਿਆਂ ਸਸ਼ਤੀਕਰਨ ਅਤੇ ਘੱਟ ਗਿਣਤੀ ਵਿਭਾਗ ਵਿਚ ਫੀਲਡ ਅਧਿਕਾਰੀਆਂ ਦੀ ਮਜ਼ਬੂਤੀ ਲਈ ਬਹੁਗਿਣਤੀ ਕਾਨੂੰਨੀ ਕੇਸਾਂ ਨੂੰ ਵਧੀਆ ਤਰੀਕੇ ਨਾਲ ਨਜਿੱਠਣ ਲਈ ਕਾਨੂੰਨੀ ਸੈਲ ਨੂੰ ਮਜ਼ਬੂਤ ਕਰਨ ਲਈ ਇਸ ਵਿਭਾਗ ਦੇ ਪੁਨਰਗਠਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਪੁਨਰਗਠਨ ਯੋਜਨਾ ਤਹਿਤ 285 ਖਾਲੀ ਅਸਾਮੀਆਂ ਦੀ ਥਾਂ ‘ਤੇ 147 ਨਵੀਆਂ ਅਸਾਮੀਆਂ ਦੀ ਸਿਰਜਣਾ ਕੀਤੀ ਜਾਵੇਗੀ। ਮੰਤਰੀ ਮੰਡਲ ਨੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਕੰਮਕਾਜ ਵਿਚ ਵਧੇਰੇ ਕਾਰਜਕੁਸ਼ਲਤਾ ਲਿਆਉਣ ਲਈ ਇਸ ਵਿਭਾਗ ਦੇ ਪੁਨਰਗਠਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।