ਜੇਕਰ ਤੁਸੀਂ ਸੋਨੇ ਦੇ ਗਹਿਣੇ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਕਿਉਂਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਤੇ ਫਿਰ ਦਬਾਅ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਹਫਤੇ ਸਰਾਫਾ ਬਾਜ਼ਾਰ ‘ਚ ਵੀ ਸੋਨੇ-ਚਾਂਦੀ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਦੂਜੇ ਪਾਸੇ ਸੋਮਵਾਰ ਨੂੰ ਵਾਇਦਾ ਬਾਜ਼ਾਰ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੀ ਨਰਮੀ ਆਈ ਹੈ।
ਹਾਲ ਹੀ ‘ਚ ਸਰਕਾਰ ਵੱਲੋਂ ਸੋਨੇ ‘ਤੇ ਇੰਪੋਰਟ ਡਿਊਟੀ ਵਧਾਉਣ ਤੋਂ ਬਾਅਦ ਇਸਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਸੋਮਵਾਰ ਨੂੰ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 252 ਰੁਪਏ ਡਿੱਗ ਗਈ ਸੀ। ਸੋਮਵਾਰ ਨੂੰ ਇੰਡੀਆ ਬੁਲਿਅਨ ਐਸੋਸੀਏਸ਼ਨ ਦੁਆਰਾ ਜਾਰੀ ਕੀਤੇ ਗਏ ਰੇਟ ਦੇ ਅਨੁਸਾਰ, 24 ਕੈਰੇਟ ਸੋਨਾ 51,550 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ।
ਇਸੇ ਤਰਾਂ ਇਕ ਕਿਲੋ ਚਾਂਦੀ ਦੀ ਕੀਮਤ 715 ਰੁਪਏ ਡਿੱਗ ਕੇ 55166 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਸੋਨਾ ਹੋਰ ਹੇਠਾਂ ਆ ਸਕਦਾ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਮਵਾਰ ਨੂੰ ਸੋਨੇ ਦੀ ਕੀਮਤ 0.40 ਫੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਇਹ 51,275 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਆ ਗਿਆ। ਚਾਂਦੀ ‘ਚ ਵੀ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਸਤੰਬਰ ਡਿਲੀਵਰੀ ਲਈ ਚਾਂਦੀ 356 ਰੁਪਏ ਦੀ ਗਿਰਾਵਟ ਨਾਲ 55140 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ। ਦੂਜੇ ਪਾਸੇ ਦਸੰਬਰ ਡਿਲੀਵਰੀ ਲਈ ਚਾਂਦੀ 337 ਰੁਪਏ ਡਿੱਗ ਕੇ 56,151 ਰੁਪਏ ‘ਤੇ ਆ ਗਈ। ਪਿਛਲੇ ਹਫਤੇ MCX ‘ਤੇ ਸੋਨਾ 1106 ਰੁਪਏ ਡਿੱਗਿਆ ਸੀ, ਜਦਕਿ ਚਾਂਦੀ 3780 ਰੁਪਏ ਡਿੱਗ ਗਈ ਸੀ।
ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ 23 ਕੈਰੇਟ ਸੋਨਾ 51344 ਰੁਪਏ ਪ੍ਰਤੀ 10 ਗ੍ਰਾਮ, 22 ਕੈਰੇਟ ਸੋਨਾ 47220 ਰੁਪਏ ਪ੍ਰਤੀ 10 ਗ੍ਰਾਮ, 20 ਕੈਰੇਟ ਸੋਨਾ 38663 ਰੁਪਏ ਪ੍ਰਤੀ 10 ਗ੍ਰਾਮ ਅਤੇ 18 ਕੈਰੇਟ ਸੋਨਾ 30157 ਰੁਪਏ ਪ੍ਰਤੀ 10 ਗ੍ਰਾਮ ‘ਤੇ ਰਿਹਾ। ਆਮ ਤੌਰ ‘ਤੇ ਲੋਕ 22 ਕੈਰੇਟ ਸੋਨੇ ਦੇ ਹੀ ਗਹਿਣੇ ਬਣਾਉਂਦੇ ਹਨ, ਜਿਸ ਦੀ ਕੀਮਤ 47220 ਰੁਪਏ ਹੈ। 999 ਸ਼ੁੱਧਤਾ ਵਾਲੀ ਚਾਂਦੀ 55166 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।