ਹੁਣ ਗੋਬਰ ਗੈਸ ਪਲਾਂਟ ਦੀ ਮਦਦ ਨਾਲ ਤਿਆਰ ਹੋਣਗੇ ਕੋਲਡ ਡਰਿੰਕ

July 2, 2017

ਲੁਧਿਆਣਾ ਵਿੱਚ ਸਥਾਨਕ ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਇਸ ਤਰ੍ਹਾਂ ਇਹ ਭਾਰਤ ਦਾ ਪਹਿਲਾ ਬਾਇਓਗੈਸ ਪਲਾਂਟ ਬਣ ਗਿਆ ਹੈ, ਜਿਸ ਵਿੱਚ ਗੋਬਰ ਗੈਸ ਨੂੰ ਦੋ ਭਾਗਾਂ ਵਿੱਚ ਵੰਡ ਕੇ ਇੱਕ ਤੋਂ ਮੀਥੇਨ ਅਤੇ ਦੂਜੇ ਤੋਂ ਕਾਰਬਨ ਡਾਇਆਕਸਾਈਡ ਤਿਆਰ ਕੀਤੀ ਜਾਵੇਗੀ ਅਤੇ ਇਸ ਗੈਸ ਨਾਲ ਸਿਲੰਡਰ ਭਰ ਕੇ ਉਦਯੋਗਾਂ, ਰੈਸਟਰਾਂ ਅਤੇ ਰਸੋਈ ਵਿੱਚ ਇਸਤੇਮਾਲ ਕੀਤੀ ਜਾ ਸਕੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੇਡਾ (ਪੰਜਾਬ ਊਰਜਾ ਵਿਕਾਸ ਏਜੰਸੀ) ਵੱਲੋਂ ਤਿਆਰ ਇਸ ਪਲਾਂਟ ਦੀ ਕੁਲ ਸਮਰੱਥਾ 235 ਟਨ ਤੱਕ ਗੋਬਰ (ਗੋਹਾ) ਫੀਡ ਕਰਨ ਦੀ ਹੈ ਅਤੇ ਇਸ ਵਿੱਚੋਂ ਨਿਕਲਣ ਵਾਲੀ ਕਾਰਬਨ ਡਾਇਆਕਸਾਈਡ ਗੈਸ ਕੋਲਡ ਡਰਿੰਕਸ ਦੇ ਪਲਾਂਟ ਵਿੱਚ ਇਸਤੇਮਾਲ ਕੀਤੀ ਜਾਵੇਗੀ।

ਪਲਾਂਟ ਵਿੱਚੋਂ ਤਕਰੀਬਨ 4000 ਕਿਲੋਗ੍ਰਾਮ ਗੈਸ ਪੈਦਾ ਕੀਤੀ ਜਾ ਸਕਦੀ ਹੈ, ਜਿਸ ਨਾਲ 400 ਦੇ ਕਰੀਬ ਸਿਲੰਡਰ ਭਰੇ ਜਾ ਸਕਦੇ ਹਨ। ਇਸ ਪਲਾਂਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਪਲਾਂਟ ਹਰ ਪੱਖੋਂ ਸੁਰੱਖਿਅਤ ਹੈ ਅਤੇ ਇਸਦੀ ਤਕਨੀਕ ਬਿਲਕੁਲ ਨਵੀਂ ਹੈ।

ਪੇਡਾ ਦੇ ਜ਼ਿਲ੍ਹਾ ਮੈਨੇਜਰ ਅਨੁਪਮ ਨੰਦਾ ਨੇ ਦੱਸਿਆ ਕਿ ਇਹ ਪਲਾਂਟ ਤਕਰੀਬਨ ਪੂਰਾ ਹੋ ਚੁੱਕਾ ਹੈ ਅਤੇ ਅੱਜ ਤੋਂ ਇਸਦਾ ਫਿੰਲਿੰਗ ਟਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਜੋ ਗੈਸ ਦੇ ਉਤਪਾਦਨ ਤੋਂ ਬਾਅਦ ਇਸ ਨੂੰ ਸਿਲੰਡਰਾਂ ਵਿੱਚ ਭਰਿਆ ਜਾ ਸਕੇ। ਪਲਾਂਟ ਤੋਂ ਬਣੀ ਗੈਸ ਮਾਰਕੀਟ ਵਿੱਚ ਖੁੱਲ੍ਹੇ ਤੌਰ ’ਤੇ ਵੇਚੀ ਜਾਵੇਗੀ।

ਜਿਸ ਦੀ ਕੀਮਤ ਤਕਰੀਬਨ 42 ਤੋਂ 45 ਰੁਪਏ ਪ੍ਰਤੀ ਕਿਲੋ ਹੋਵੇਗੀ। ਇਹ ਪਲਾਂਟ ਵਾਤਾਵਰਨ ਪੱਖੋਂ ਵੀ ਸੁਰੱਖਿਆ ਹੈ ਅਤੇ ਇਸ ਵਿੱਚ ਆਸ ਪਾਸ ਦੀਆਂ ਡੇਅਰੀਆਂ ਤੋਂ ਨਿਕਲਣ ਵਾਲਾ ਗੋਬਰ ਫੀਡ ਕੀਤਾ ਜਾਵੇਗਾ। ਇਸ ਪਲਾਂਟ ਦੇ ਪੂਰੀ ਤਰ੍ਹਾਂ ਚੱਲਣ ਨਾਲ ਲੋਕਾਂ ਨੂੰ ਗੋਹਾ ਅਤੇ ਗੈਸ ਦੀ ਢੋਆ ਢੁਆਈ ਦਾ ਰੁਜ਼ਗਾਰ ਵੀ ਮਿਲੇਗਾ। ਲੋੜੀਂਦੀ ਗੈਸ ਪ੍ਰਾਪਤ ਕਰਨ ਲਈ ਪਲਾਂਟ ਵਿੱਚ ਗੋਬਰ ਦੀ ਫੀਡਿੰਗ ਸ਼ੁਰੂ ਹੋ ਚੁੱਕੀ ਹੈ।

ਪਲਾਂਟ ਨੂੰ ਚਲਾ ਰਹੀ ਵਿਜ ਇੰਜੀਨੀਅਰਿੰਗ ਐਂਡ ਕੰਸਲਟੈਂਟਸ ਕੰਪਨੀ ਨੇ ਦੱਸਿਆ ਕਿ ਪਲਾਂਟ ਵਿੱਚ ਤਕਰੀਬਨ 200 ਟਨ ਦੀ ਫੀਡਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਲੋੜੀਂਦਾ ਪੈ੍ਸ਼ਰ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਨਿਰਧਾਰਤ ਪ੍ਰੈੱਸ਼ਰ ’ਤੇ ਇਸ ਦਾ ਟਰਾਇਲ ਕੀਤਾ ਜਾ ਸਕੇ। ਇਹ ਟਰਾਇਲ ਕਰੀਬ 15 ਦਿਨ ਚੱਲੇਗਾ। ਉਸ ਤੋਂ ਬਾਅਦ ਇਸ ਦੀ ਸੇਲ ਸ਼ੁਰੂ ਕਰ ਦਿੱਤੀ ਜਾਵੇਗੀ।

ਜੇਕਰ ਇਹ ਪਲਾਂਟ ਕਾਮਯਾਬ ਰਹਿੰਦਾ ਹੈ ਤਾਂ ਭਵਿੱਖ ਵਿਚ ਆਮ ਲੋਕ ਵੀ ਇਸ ਤਕਨੀਕ ਨੂੰ ਅਪਣਾ ਕੇ ਇਸ ਤਰਾਂ ਦਾ ਗੋਬਰ ਗੈਸ ਪਲਾਂਟ ਲਗਾ ਕੇ ਲਾਭ ਕਾਮ ਸਕਣਗੇ ।