ਕੈਪਟਨ ਵਲੋਂ ਆੜ੍ਹਤੀਆਂ ਰਾਹੀਂ ਕਿਸਾਨਾਂ ਤੋਂ ਜ਼ਿਆਦਾ ਵਿਆਜ ‘ਤੇ ਕਰਜੇ ਦੇਣ ਤੇ ਰੋਕ ਲਾਉਣ ਨੂੰ ਕਿਹਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆੜ੍ਹਤੀਆਂ ਨੂੰ ਇਹ ਗੱਲ ਕਹੀ ਕਿ ਉਹ ਕਿਸਾਨਾਂ ਨੂੰ ਬੇਹੱਦ ਉੱਚ ਵਿਆਜ ਦਰਾਂ ‘ਤੇ ਕਰਜ਼ੇ ਦੇਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਵੱਡੇ ਕਰਜ਼ੇ ਹੇਠਾਂ ਦੱਬੀ ਕਿਸਾਨੀ ਨੂੰ ਬਚਾਉਣ ਲਈ ਅੱਗੇ ਆਉਣ |

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆੜ੍ਹਤੀਆ ਭਾਈਚਾਰੇ ਵਿਚ ਉਨ੍ਹਾਂ ਅਨਸਰਾਂ ਦੀ ਸ਼ਨਾਖ਼ਤ ਕਰਨ ਜਿਹੜੇ ਆਪਸੀ ਤੌਰ ‘ਤੇ ਮਿੱਥੀ ਹੋਈ 1.5 ਫ਼ੀਸਦੀ ਦੀ ਵਿਆਜ ਦਰ (ਸਾਲਾਨਾ 18 ਫੀਸਦੀ) ਤੋਂ ਵਧੇਰੇ ਵਿਆਜ ਵਸੂਲ ਰਹੇ ਹਨ ਅਤੇ ਇਨ੍ਹਾਂ ਨੂੰ ਭਾਈਚਾਰੇ ‘ਚੋਂ ਦਰ ਕਿਨਾਰ ਕੀਤਾ ਜਾਵੇ |

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਆੜ੍ਹਤੀਆ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਉਨ੍ਹਾਂ ਦੀਆਂ ਅਦਾਇਗੀਆਂ ਸਬੰਧੀ ਪਾਸਬੁੱਕਾਂ ਜਾਰੀ ਕਰਨ ਤਾਂ ਜੋ ਉਨ੍ਹਾਂ ਨੂੰ ਆਪਣੀਆਂ ਦੇਣ ਦਾਰੀਆਂ ਦੇ ਬਕਾਏ ਸਬੰਧੀ ਮੁਕੰਮਲ ਜਾਣਕਾਰੀ ਮਿਲ ਸਕੇ |

ਉਨ੍ਹਾਂ ਇਹ ਵੀ ਕਿਹਾ ਕਿ ਟਰੱਕ ਯੂਨੀਅਨਾਂ ਖ਼ਤਮ ਕਰ ਦਿੱਤੇ ਜਾਣ ਦੇ ਮੱਦੇਨਜ਼ਰ ਉਹ ਆਗਾਮੀ ਖ਼ਰੀਫ਼ ਸੀਜ਼ਨ ਦੌਰਾਨ ਝੋਨੇ ਦੀ ਸੁਚੱਜੀ ਢੋਆ-ਢੁਆਈ ਲਈ ਢੁੱਕਵੇਂ ਆਵਾਜਾਈ ਪ੍ਰਬੰਧ ਯਕੀਨੀ ਬਣਾਉਣ | ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਆਫ਼ ਪੰਜਾਬ ਦੇ ਵਫ਼ਦ ਨਾਲ ਇੱਥੇ ਮੀਟਿੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼ ਹੈ |

ਮੀਟਿੰਗ ਦੌਰਾਨ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਮਸਲੇ ‘ਤੇ ਵੀ ਚਰਚਾ ਹੋਈ, ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਕਿਸਾਨ ਫ਼ੈਸਲਾ ਲੈਣ ਲਈ ਆਜ਼ਾਦ ਹਨ ਕਿ ਉਨ੍ਹਾਂ ਸਿੱਧੀ ਅਦਾਇਗੀ ਕਰਵਾਉਣੀ ਹੈ ਜਾਂ ਆੜ੍ਹਤੀਆਂ ਰਾਹੀਂ, ਜਿਨ੍ਹਾਂ ਨਾਲ ਉਨ੍ਹਾਂ ਦੀ ਲੰਬੀ ਸਾਂਝ ਹੈ |