ਇਸ ਮਹੀਨੇ ਵਿੱਚ ਕਰੋ ਇਹਨਾਂ ਗਰਮੀ ਰੁੱਤ ਦੀਆਂ ਸਬਜੀਆਂ ਦੀ ਉੱਨਤ ਖੇਤੀ

ਫ਼ਰਵਰੀ ਦਾ ਮਹੀਨਾ ਗਰਮੀਆਂ ਦੀਆਂ ਸਬਜ਼ੀਆਂ ਦੀ ਲੁਆਈ ਦਾ ਮਹੀਨਾ ਹੈ। ਗਰਮੀਆਂ ਦੀਆਂ ਸਬਜ਼ੀਆਂ ਦਾ ਇਕ ਗੁਣ ਹੈ ਕਿ ਇਕ ਵਾਰ ਬੂਟਾ ਲੱਗ ਜਾਵੇ ਤਾਂ ਉਹ ਦੋ-ਤਿੰਨ ਮਹੀਨੇ ਸਬਜ਼ੀਆਂ ਦਿੰਦਾ ਰਹਿੰਦਾ ਹੈ। ਹ ਵੇਖਣ ਵਿਚ ਆਇਆ ਹੈ ਕਿ ਸਾਡੇ ਕਿਸਾਨ ਵੀਰ ਬਹੁਤ ਘੱਟ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਜੇਕਰ ਮੰਡੀ ਲਈ ਨਹੀਂ ਤਾਂ ਘੱਟੋ-ਘੱਟ ਘਰ ਦੀ ਲੋੜ ਪੂਰੀ ਕਰਨ ਲਈ ਸਬਜ਼ੀਆਂ ਦੀ ਕਾਸ਼ਤ ਜ਼ਰੂਰ ਕੀਤੀ ਜਾਵੇ। ਸਬਜ਼ੀਆਂ ਵਿਚ ਬਹੁਤ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ, ਜਿਨ੍ਹਾਂ ਦੀ ਸਰੀਰ ਦੀ ਤੰਦਰੁਸਤੀ ਲਈ ਬਹੁਤ ਲੋੜ ਹੈ। ਪਰ ਇਹ ਖ਼ੁਰਾਕੀ ਤੱਤ ਜ਼ਹਿਰਾਂ ਰਹਿਤ ਤੇ ਤਾਜ਼ੀਆਂ ਸਬਜ਼ੀਆਂ ਤੋਂ ਹੀ ਪ੍ਰਾਪਤ ਹੋ ਸਕਦੇ ਹਨ।

ਖਰਬੂਜ਼ਾ ਅਤੇ ਤਰਬੂਜ਼ ਗਰਮੀਆਂ ਦੇ ਤੋਹਫ਼ੇ ਹਨ। ਇਨ੍ਹਾਂ ਦੀ ਕੁਝ ਰਕਬੇ ਵਿਚ ਕਾਸ਼ਤ ਜ਼ਰੂਰ ਕੀਤੀ ਜਾਵੇ। ਪੰਜਾਬ ਐਗਰੀ ਯੂਨੀਵਰਸਿਟੀ ਵੱਲੋਂ ਖਰਬੂਜ਼ੇ ਦੀਆਂ ਵਧੀਆ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਕਿਸਮਾਂ ਦੇ ਖਰਬੂਜ਼ੇ ਬਹੁਤ ਮਿੱਠੇ ਤੇ ਸੁਆਦੀ ਹੋਣ ਕਰਕੇ ਮੰਡੀ ਵਿਚ ਹੱਥੋ-ਹੱਥ ਵਿਕ ਜਾਂਦੇ ਹਨ।
ਐੱਮ.ਐੱਚ.-51, ਐਮ.ਐੱਚ.-27, ਪੰਜਾਬ ਹਾਈਬ੍ਰਿਡ, ਪੰਜਾਬ ਸੁਨਹਿਰੀ ਤੇ ਹਰੇ ਮਧੂ ਖਰਬੂਜ਼ੇ ਦੀਆਂ ਉੱਨਤ ਕਿਸਮਾਂ ਹਨ। ਇਨ੍ਹਾਂ ਦੀ ਬਿਜਾਈ ਖੇਲਾਂ ਬਣਾ ਕੇ ਕਰਨੀ ਚਾਹੀਦੀ ਹੈ ਤਾਂ ਜੋ ਵੇਲਾਂ ਸੁੱਕੇ ਥਾਂ ਰਹਿਣ।

ਖਰਬੂਜ਼ੇ ਲਈ ਖੇਲਾਂ ਵਿਚਕਾਰ ਤਿੰਨ ਮੀਟਰ ਫ਼ਾਸਲਾ ਰੱਖਿਆ ਜਾਵੇ ਪਰ ਹਰਾ ਮਧੂ ਲਈ ਇਹ ਫ਼ਾਸਲਾ ਚਾਰ ਮੀਟਰ ਕਰ ਦੇਣਾ ਚਾਹੀਦਾ ਹੈ। ਜੇਕਰ ਚੋਕੇ ਨਾਲ ਬੀਜ ਬੀਜੇ ਜਾਣ ਤਾਂ ਕੇਵਲ 400 ਗ੍ਰਾਮ ਬੀਜ ਚਾਹੀਦਾ ਹੈ ਅਤੇ ਤਰਬੂਜ਼ ਲਈ ਢਾਈ ਮੀਟਰ ਫ਼ਾਸਲਾ ਰੱਖਿਆ ਜਾਵੇ। ਤਰਬੂਜ਼ ਦਾ ਇਕ ਏਕੜ ਲਈ ਡੇਢ ਕਿਲੋ ਬੀਜ ਚਾਹੀਦਾ ਹੈ। ਸ਼ੂਗਰ ਬੇਬੀ ਤਰਬੂਜ਼ ਦੀ ਸਿਫ਼ਾਰਸ਼ ਕੀਤੀ ਗਈ ਕਿਸਮ ਹੈ ।(ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਖੇਤ ਤਿਆਰ ਕਰਦੇ ਸਮੇਂ ਘੱਟੋ-ਘੱਟ 10 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਤੋਂ ਇਲਾਵਾ ਬਿਜਾਈ ਸਮੇਂ 35 ਕਿਲੋ ਯੂਰੀਆ 155 ਕਿਲੋ ਸੁਪਰਫ਼ਾਸਫ਼ੇਟ ਅਤੇ 25 ਕਿਲੋ ਪੋਟਾਸ਼ ਪਾਈ ਜਾਵੇ। ਇਨ੍ਹਾਂ ਦੀ ਅਗੇਤੀ ਬਿਜਾਈ ਕੀਤੀ ਜਾਵੇ ਤਾਂ ਜੋ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪੂਰਾ ਫ਼ਲ ਤੋੜਿਆ ਜਾ ਸਕੇ। ਬਿਜਾਈ ਹਮੇਸ਼ਾ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਹੀ ਕਰੋ।

ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਕਰੇਲਾ ਅਤੇ ਘੀਆ ਤੋਰੀ ਪ੍ਰਮੁੱਖ ਹਨ। ਪੰਜਾਬ ਚੱਪਣ ਕੱਦੂ-1, ਚੱਪਣ ਕੱਦੂ ਦੀ, ਪੀ.ਬੀ.ਐੱਚ-1 ਅਤੇ ਪੀ.ਪੀ.ਐੱਚ-2 ਹਲਵਾ ਕੱਦੂ ਦੀਆਂ ਪੰਜਾਬ ਬਰਕਤ, ਪੰਜਾਬ ਬਹਾਰ, ਪੰਜਾਬ ਲੌਂਗ ਤੇ ਪੰਜਾਬ ਕੋਮਲ ਘੀਆ ਕੱਦੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ।

ਪੰਜਾਬ ਕਰੇਲੀ-1, ਪੰਜਾਬ-14, ਕਰੇਲੇ ਦੀਆਂ, ਪੰਜਾਬ ਝਾੜ ਕਰੇਲਾ-1 ਝਾੜ ਕਰੇਲੇ ਦੀ, ਪੰਜਾਬ ਕਾਲੀ ਤੋਰੀ-9 ਤੇ ਪੂਸਾ ਚਿਕਨੀ ਘੀਆ ਤੋਰੀ ਦੀਆਂ ਕਿਸਮਾਂ ਹਨ। ਸਾਰੀਆਂ ਸਬਜ਼ੀਆਂ ਲਈ ਦੋ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ ਪਰ ਹਲਵਾ ਕੱਦੂ ਲਈ ਇਕ ਕਿਲੋ ਬੀਜ ਹੀ ਕਾਫ਼ੀ ਹੈ। ਕਰੇਲਾ ਅਤੇ ਚੱਪਣ ਕੱਦੂ ਲਈ ਡੇਢ ਮੀਟਰ ਚੌੜੀਆਂ, ਘੀਆ ਕੱਦੂ ਲਈ ਦੋ ਮੀਟਰ, ਹਲਵਾ ਕੱਦੂ ਅਤੇ ਘੀਆ ਤੋਰੀ ਲਈ ਤਿੰਨ ਮੀਟਰ ਚੌੜੀਆਂ ਕਿਆਰੀਆਂ ਬਣਾਵੋ। ਕਿਆਰੀਆਂ ਦੇ ਦੋਵੇਂ ਪਾਸੇ ਬੀਜ ਬੀਜੇ ਜਾਣ ਤੇ ਇੱਕ ਥਾਂ ਦੋ ਬੀਜ ਬੀਜੋ। ਖੇਤ ਵਿਚ ਰੂੜੀ ਪਾਉਣੀ ਜ਼ਰੂਰੀ ਹੈ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀਆਂ ਸਿਫ਼ਾਰਸਾਂ ਅਨੁਸਾਰ ਹੀ ਕਰਨੀ ਚਾਹੀਦੀ ਹੈ ।

ਤਰ ਅਤੇ ਖੀਰਾ ਦੋ ਹੋਰ ਵੇਲਾਂ ਵਾਲੀਆਂ ਸਬਜ਼ੀਆਂ ਹਨ ਪਰ ਇਨ੍ਹਾਂ ਦੀ ਵਰਤੋਂ ਸਲਾਦ ਦੇ ਰੂਪ ਵਿਚ ਕੀਤੀ ਜਾਂਦੀ ਹੈ। ਪੰਜਾਬ ਲੌਂਗ ਮੈਲਨ-1 ਤਰ ਦੀ ਅਤੇ ਪੰਜਾਬ ਨਵੀਨ ਖੀਰੇ ਦੀ ਉੱਨਤ ਕਿਸਮ ਹੈ। ਇਕ ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਾਫ਼ੀ ਹੈ। ਇਨ੍ਹਾਂ ਦੀ ਬਿਜਾਈ ਲਈ ਢਾਈ ਮੀਟਰ ਚੌੜੀਆਂ ਕਿਆਰੀਆਂ ਬਣਾਵੋ।

ਬਿਜਾਈ ਅਤੇ ਖਾਦਾਂ ਦੀ ਵਰਤੋਂ ਦੂਜੀਆਂ ਸਬਜ਼ੀਆਂ ਵਾਂਗ ਹੀ ਕੀਤੀ ਜਾਵੇ। ਟੀਂਡਾ ਇਕ ਹੋਰ ਵੇਲਾਂ ਵਾਲੀ ਗਰਮੀਆਂ ਦੀ ਮੁੱਖ ਸਬਜ਼ੀ ਹੈ। ਟੀਂਡਾ 48 ਇਸ ਦੀ ਉੱਨਤ ਕਿਸਮ ਹੈ । ਇਕ ਏਕੜ ਲਈ ਡੇਢ ਕਿਲੋ ਬੀਜ ਚਾਹੀਦਾ ਹੈ। ਟੀਂਡੇ ਲਈ ਖੇਲਾਂ ਵਿਚਕਾਰ ਡੇਢ ਮੀਟਰ ਫ਼ਾਸਲਾ ਰੱਖਿਆ ਜਾਵੇ। ਇਸੇ ਲੜੀ ਵਿਚ ਪੇਠਾ ਇਕ ਹੋਰ ਸਬਜ਼ੀ ਹੈ। ਇਸ ਦੀ ਵਰਤੋਂ ਮਠਿਆਈ ਅਤੇ ਵੜੀਆਂ ਬਣਾਉਣ ਲਈ ਕੀਤੀ ਜਾਂਦੀ ਹੈ। ਪੀ.ਏ.ਜੀ-3 ਉੱਨਤ ਕਿਸਮ ਹੈ। ਇਸ ਤੋਂ ਕੋਈ 120 ਕੁਇੰਟਲ ਪੇਠੇ ਪ੍ਰਤੀ ਏਕੜ ਪ੍ਰਾਪਤ ਹੋ ਜਾਂਦੇ ਹਨ। ਇਕ ਏਕੜ ਲਈ ਦੋ ਕਿੱਲੋ ਬੀਜ ਜਿਸ ਦੀ ਬਿਜਾਈ ਤਿੰਨ ਮੀਟਰ ਫ਼ਾਸਲੇ ‘ਤੇ ਬਣਾਈਆਂ ਖੇਲਾਂ ਦੇ ਦੋਵੇਂ ਪਾਸੇ ਕਰੋ। ਇਕ ਥਾਂ ਦੋ ਬੀਜ ਬੀਜੋ। ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨੀ ਜ਼ਰੂਰੀ ਹੈ।