ਸਰਕਾਰ ਨੇ ਗੰਨੇ ਦੇ ਭਾਅ ਦੇ ਵਿੱਚ ਕੀਤਾ ਏਨੇ ਰੁਪਈਆਂ ਦਾ ਵਾਧਾ

ਗੰਨਾ ਬੀਜਣ ਵਾਲੇ ਕਿਸਾਨਾਂ ਵਾਸਤੇ ਕੁਝ ਰਾਹਤ ਦੀ ਖ਼ਬਰ ਹੈ ਕਿਓਂਕਿ ਇਸ ਵਾਰ ਕੇਂਦਰ ਸਰਕਾਰ ਨੇ ਸਾਲ 2017-18 ਲਈ ਗੰਨੇ ਦੇ ਭਾਅ ‘ਚ 25 ਰੁਪਏ ਦਾ ਵਾਧਾ ਕਰਦਿਆ 255 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ | ਜਿਸ ਨਾਲ ਖੰਡ ਦੇ ਭਾਅ ‘ਚ ਵੀ ਤੇਜ਼ੀ ਆ ਸਕਦੀ ਹੈ |

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਦੀ ਅੱਜ ਇਥੇ ਹੋਈ ਮੀਟਿੰਗ ‘ਚ ਗੰਨੇ ਦੇ ਐਫ. ਆਰ. ਪੀ. (ਵਾਜਬ ਅਤੇ ਲਾਭਕਾਰੀ ਮੁੱਲ) ਵਿਚ ਵਾਧੇ ਦਾ ਫੈਸਲਾ ਕੀਤਾ ਗਿਆ | ਸਾਲ 2016-17 ਲਈ ਗੰਨੇ ਦਾ ਐਫ. ਆਰ. ਪੀ. 230 ਰੁਪਏ ਪ੍ਰਤੀ ਕੁਇੰਟਲ ਸੀ |

ਵਿੱਤ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰ ਸੰਮੇਲਨ ਦੌਰਾਨ ਮੰਤਰੀ ਮੰਡਲ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ 2017-18 ਲਈ ਗੰਨੇ ਦਾ ਭਾਅ 10.6 ਫੀਸਦੀ ਦੇ ਵਾਧੇ ਨਾਲ 255 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ |

ਇਸ ਨਾਲ ਦੇਸ਼ ‘ਚ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਲਾਭ ਮਿਲੇਗਾ | ਗੰਨੇ ਦਾ ਖਰੀਦ ਮੌਸਮ ਅਕਤੂਬਰ ਤੋਂ ਸ਼ੁਰੂ ਹੁੰਦਾ ਹੈ | ਐਫ. ਆਰ. ਪੀ. ਉਹ ਘੱਟੋ ਘੱਟ ਮੁੱਲ ਹੁੰਦਾ ਹੈ, ਜਿਸ ‘ਤੇ ਗੰਨਾ ਉਤਪਾਦਕਾਂ ਦਾ ਕਾਨੂੰਨੀ ਤੌਰ ‘ਤੇ ਗਰੰਟੀਸ਼ੁਦਾ ਅਧਿਕਾਰ ਹੁੰਦਾ ਹੈ |

ਹਾਲਾਂਕਿ ਸੂਬਾ ਸਰਕਾਰ ਨੂੰ ਆਪਣੇ ਸੂਬਿਆਂ ‘ਚ ਐਸ. ਏ. ਪੀ. (ਸੂਬੇ ਵੱਲੋਂ ਸਿਫਾਰਸ਼ ਕੀਤਾ ਭਾਅ) ਤੈਅ ਕਰਨ ਦਾ ਅਧਿਕਾਰ ਹੁੰਦਾ ਹੈ ਜਾਂ ਖੰਡ ਮਿੱਲਾਂ ਐਫ. ਆਰ. ਪੀ. ਤੋਂ ਵੱਧ ਕਿਸੇ ਵੀ ਭਾਅ ਦੀ ਕਿਸਾਨਾਂ ਨੂੰ ਪੇਸ਼ਕਸ਼ ਕਰ ਸਕਦੀਆਂ ਹਨ |