ਯੁੱਧ ਦੇ ਕਾਰਨ ਮਹਿੰਗੀ ਹੋਈ ਖਾਦ, ਏਨੇ ਰੁਪਏ ਵਧੀ DAP ਤੇ ਯੂਰੀਆ ਦੀ ਕੀਮਤ

ਜਿਵੇਂ ਕਿ ਤੁਸੀ ਜਾਣਦੇ ਹੋ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਜਾਰੀ ਹੈ। ਇਸ ਯੁੱਧ ਦਾ ਭਾਰਤ ਉੱਤੇ ਵੀ ਕਾਫ਼ੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਯੁੱਧ ਨਾਲ ਸਾਡੇ ਦੇਸ਼ ਦੇ ਕਿਸਾਨਾਂ ਨੂੰ ਵੀ ਕਾਫ਼ੀ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਹੁਣ ਖੇਤੀ ਹੋਰ ਵੀ ਜ਼ਿਆਦਾ ਮਹਿੰਗੀ ਹੋ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਇਸ ਯੁੱਧ ਦੇ ਕਾਰਨ ਭਾਰਤ ਵਿੱਚ ਖੇਤੀ ਲਈ ਇਸਤੇਮਾਲ ਹੋਣ ਵਾਲੀਆਂ ਖਾਦਾਂ ਦੇ ਰੇਟ ਬਹੁਤ ਜ਼ਿਆਦਾ ਵੱਧ ਰਹੇ ਹਨ। ਜਿਸਦਾ ਸਿੱਧਾ ਅਸਰ ਕਿਸਾਨਾਂ ਦੇ ਨਾਲ ਨਾਲ ਆਮ ਆਦਮੀ ਉੱਤੇ ਵੀ ਪਵੇਗਾ। ਜਾਣਕਾਰੀ ਦੇ ਅਨੁਸਾਰ ਕੁੱਝ ਦਿਨ ਪਹਿਲਾਂ ਪੋਟਾਸ਼ ਖਾਦ ਦੀ ਕੀਮਤ 1100 ਰੁਪਏ ਸੀ ਜੋ ਕਿ ਹੁਣ 1700 ਰੁਪਏ ਹੋ ਚੁੱਕੀ ਹੈ। ਅਨੁਮਾਨ ਹੈ ਕਿ 15 ਮਾਰਚ ਤੋਂ ਬਾਅਦ ਇਸਦਾ ਰੇਟ 2000 ਰੁਪਏ ਤੋਂ ਵੀ ਉੱਤੇ ਜਾ ਸਕਦਾ ਹੈ।

ਇਸੇ ਤਰ੍ਹਾਂ DAP ਖਾਦ ਦੀ ਗੱਲ ਕਰੀਏ ਤਾਂ ਇਸਦਾ ਵੀ ਕਾਫ਼ੀ ਘੱਟ ਸਟਾਕ ਬਚਿਆ ਹੋਇਆ ਹੈ। ਜਿਵੇਂ ਕਿ ਤੁਸੀ ਜਾਣਦੇ ਹੋ ਕਿ ਅੱਜ ਦੇ ਸਮੇਂ ਵਿੱਚ ਖਾਦ ਦੇ ਬਿਨਾਂ ਕਿਸਾਨ ਫਸਲ ਤੋਂ ਚੰਗਾ ਉਤਪਾਦਨ ਨਹੀਂ ਲੈ ਸਕਦੇ। ਜੇਕਰ ਫਸਲ ਵਿੱਚ ਖਾਦ ਦੀ ਪੂਰਤੀ ਨਾ ਹੋਵੇ ਤਾਂ ਉਤਪਾਦਨ 50 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ। ਹੁਣ ਖਾਦ ਦੀਆ ਕੀਮਤਾਂ ਵਧਣ ਨਾਲ ਕਿਸਾਨਾਂ ਦੀ ਲਾਗਤ ਵਿੱਚ ਵਾਧਾ ਹੋਵੇਗਾ ਅਤੇ ਜੇਕਰ ਕਿਸਾਨ ਖਾਦ ਦਾ ਇਸਤੇਮਾਲ ਨਹੀਂ ਕਰਨਗੇ ਤਾਂ ਵੀ ਉਨ੍ਹਾਂ ਦਾ ਨੁਕਸਾਨ ਹੋਵੇਗਾ।

ਦੱਸ ਦੇਈਏ ਕਿ DAP ਕਿਸਾਨਾਂ ਨੂੰ 1200 ਰੁਪਏ ਵਿੱਚ ਮਿਲਦੀ ਸੀ, ਪਰ ਹੁਣ 15 ਮਾਰਚ ਤੋਂ ਬਾਅਦ ਇਸਦਾ ਰੇਟ 1900 ਰੁਪਏ ਹੋ ਜਾਵੇਗਾ। ਇਸ ਸਮੇਂ ਬਹੁਤ ਸਾਰੇ ਦੁਕਾਨਦਾਰ DAP ਦਾ ਸਟਾਕ ਬਚਾ ਕੇ ਵੀ ਰੱਖ ਰਹੇ ਹਨ ਤਾਂ ਜੋ ਕੀਮਤਾਂ ਹੋਰ ਵਧਣ ਉੱਤੇ ਉਹ ਜ਼ਿਆਦਾ ਕਮਾਈ ਕਰ ਸਕਣ। ਯੂਰੀਆ ਦੀ ਗੱਲ ਕਰੀਏ ਤਾਂ ਇਹ ਹੁਣ ਤੱਕ ਕਿਸਾਨਾਂ ਨੂੰ 266 ਰੁਪਏ ਵਿੱਚ ਮਿਲ ਰਹੀ ਸੀ, ਪਰ ਹੁਣ ਇਸਦਾ ਰੇਟ 300 ਰੁਪਏ ਹੋਣ ਦੀ ਸੰਭਾਵਨਾ ਹੈ।

ਜੇਕਰ ਯੂਕਰੇਨ ਅਤੇ ਰੂਸ ਦੇ ਵਿੱਚ ਯੁੱਧ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਖਾਦਾਂ ਦੇ ਰੇਟ ਹੋਰ ਵੀ ਵਧ ਸਕਦੇ ਹਨ।। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਣਕ ਦਾ ਰੇਟ ਇਸ ਵਾਰ 3000 ਰੁਪਏ ਪ੍ਰਤੀ ਕੁਇੰਟਲ ਤੱਕ ਚਲਾ ਜਾਵੇਗਾ। ਫ਼ਿਲਹਾਲ ਇਸ ਸਮੇਂ ਕਣਕ ਦਾ ਰੇਟ 2300 ਰੁਪਏ ਪ੍ਰਤੀ ਕੁਇੰਟਲ ਹੈ। ਜੇਕਰ ਰੇਟ 3000 ਤੱਕ ਜਾਂਦਾ ਹੈ ਤਾਂ ਕਿਸਾਨ ਸਰਕਾਰ ਨੂੰ MSP ਉੱਤੇ ਕਣਕ ਵੇਚਣ ਦੀ ਬਜਾਏ ਪ੍ਰਾਇਵੇਟ ਕੰਪਨੀਆਂ ਨੂੰ ਵੇਚਣਗੇ। ਜਿਸਦਾ ਸਿੱਧਾ ਅਸਰ ਆਮ ਆਦਮੀ ਉੱਤੇ ਵੀ ਪਵੇਗਾ।