ਕਿਸਾਨਾਂ ਵੱਲੋਂ ਲਗਾਤਾਰ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਮੀਟਿੰਗ ਵੀ ਕੀਤੀ ਗਈ ਸੀ। ਇਸ ਮੀਟਿੰਗ ਵਿੱਚ 30 ਕਿਸਾਨ ਯੂਨੀਅਨਾਂ ਵੱਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਪਹੁੰਚ ਕੇ ਪੱਕਾ ਮੋਰਚਾ ਲਾਉਣ ਬਾਰੇ ਵੱਡੀ ਰਣਨੀਤੀ ਤਿਆਰ ਕੀਤੀ ਗਈ ਹੈ।
ਇਸ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਰਸਤੇ ਵਿੱਚ ਰੋਕਣ ਦੀ ਕੋਸ਼ਿਸ਼ ਨਾ ਕਰੇ। ਜੇਕਰ ਸਰਕਾਰ ਅਜਿਹਾ ਕੋਈ ਕਦਮ ਚੁੱਕਦੀ ਹੈ ਤਾਂ ਹੋਇਆ ਤਾਂ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਨਾਲ ਹੀ ਕਿਸਾਨ ਆਗੂਆਂ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜਾ ਵੀ ਬੀਜੇਪੀ ਦਾ ਆਗੂ ਦਿੱਲੀ ਤੋਂ ਪੰਜਾਬ ਆਉਣ ਦੀ ਕੋਸ਼ਿਸ਼ ਕਰੇਗਾ ਉਸ ਦਾ ਘਿਰਾਉ ਕੀਤਾ ਜਾਵੇਗਾ।
ਦੱਸ ਦੇਈਏ ਕਿ ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਵੀ ਇਸਤੋਂ ਪਹਿਲਾਂ ਇਹ ਸਾਫ਼ ਕਰ ਦਿੱਤਾ ਸੀ ਦਿੱਲੀ ਤੋਂ ਆਉਣ ਵਾਲੇ ਬੀਜੇਪੀ ਆਗੂਆਂ ਨੂੰ ਪੰਜਾਬ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਰਕਾਰ ਨੂੰ ਚੇਤਾਵਨੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਹ ਕਿਹਾ ਗਿਆ ਸੀ
ਕਿ ਜੇਕਰ ਉਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤਾਂ ਉਹ ਚੱਕਾ ਜਾਮ ਕਰ ਦੇਣਗੇ ਅਤੇ ਪੂਰੀ ਤਰ੍ਹਾਂ ਨਾਲ ਆਵਾਜਾਹੀ ਠੱਪ ਕਰ ਦਿੱਤੀ ਜਾਵੇਗੀ। ਇਸੇ ਤਰਾਂ ਕਿਸਾਨਾਂ ਨੇ ਦਿੱਲੀ ਵਿੱਚ ਪੁਲਿਸ ਵੱਲੋਂ ਧਰਨਾ ਨਾ ਦੇਣ ਦੀ ਇਜਾਜ਼ਤ ਪਿੱਛੇ ਮਹਾਮਾਰੀ ਦਾ ਕਾਰਨ ਦੱਸਣ ਨੂੰ ਬਹਾਨਾ ਕਰਾਰ ਦਿੱਤਾ। ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਤੋਂ ਰੋਕਣਾ ਚਾਉਂਦੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਸਾਡੇ ਦਬਾਅ ਹੇਠ ਹੈ ਇਸ ਲਈ 7-7 ਘੰਟੇ ਮੀਟਿੰਗ ਕਰ ਰਹੀ ਹੈ, ਪਰ ਕਿਸਾਨ ਵੀ ਪਿੱਛੇ ਹਟਣ ਦੇ ਮੂਡ ਵਿਚ ਨਹੀਂ ਹਨ ਅਤੇ ਇਸ ਸੰਘਰਸ਼ ਨੂੰ ਵੱਡੇ ਪੱਧਰ ਤੇ ਜਾਰੀ ਰਖਿਆ ਜਾਵੇਗਾ। ਉਨ੍ਹਾਂ ਕਿਹਾ ਸਾਡਾ ਇੱਕ ਹੀ ਮਕਸਦ ਹੈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ।