ਜਾਣੋ ਕਿਵੇਂ ਪੰਜਾਬੀਆਂ ਨੂੰ ਘਰੇਲੂ ਬਿਜਲੀ ‘ਤੇ ਲੱਗ ਰਿਹਾ ਹੈ ਵੱਡਾ ਰਗੜਾ

ਪੰਜਾਬ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਆਮ ਲੋਕਾਂ ਨੂੰ ਬਹੁਤ ਜਿਆਦਾ ਮਹਿੰਗੀ ਬਿਜਲੀ ਮਿਲ ਰਹੀ ਹੈ, ਪਰ ਤੁਸੀਂ ਕਦੇ ਸੋਚਿਆ ਹੈ ਇਸਦਾ ਕਾਰਨ ਕੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਘਰੇਲੂ ਬਿਜਲੀ ‘ਤੇ 55% ਤਕ ਟੈਕਸ ਲਗਾਇਆ ਜਾ ਰਿਹਾ। ਹੋਰ ਕੋਈ ਵੀ ਸੂਬਾ ਸਰਕਾਰ ਇੰਨਾ ਜਿਆਦਾ ਟੈਕਸ ਨਹੀਂ ਲਗਾ ਰਹੀ। ਪੰਜਾਬ ਵਿੱਚ ਬਾਕੀ ਸੂਬਿਆਂ ਜਿਵੇਂ ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਵਾਂਗ ਹੀ ਸਾਰੇ ਖ਼ਰਚੇ ਮਿਲਾ ਕੇ 6 ਰੁਪਏ 95 ਪ੍ਰਤੀ ਯੂਨਿਟ ਬਿਜਲੀ ਉਤਪਾਦਨ ਹੈ। ਪਰ ਫਿਰ ਵੀ ਪੰਜਾਬ ਵਿੱਚ ਬਿਜਲੀ ਸਭ ਤੋਂ ਮਹਿੰਗੀ ਕਿਉਂ ਹੈ?

ਦਰਅਸਲ ਪੰਜਾਬ ‘ਚ ਬਿਜਲੀ ਦੇ ਬਿੱਲਾਂ ‘ਤੇ ਸਭ ਤੋਂ ਜਿਆਦਾ 35 ਫੀਸਦ ਟੈਕਸ ਅਤੇ ਨਾਲ ਹੀ ਮੁਫਤ ਬਿਜਲੀ ਦੇ ਫੰਡ ਜੁਟਾਉਣ ਦੇ 20 ਫੀਸਦ ਹਿੱਡਨ ਚਾਰਜੇਜ ਲਗਾਏ ਜਾਂਦੇ ਹਨ। ਇਸਦਾ ਸਭਤੋਂ ਵੱਡਾ ਕਾਰਨ 12 ਹਜ਼ਾਰ ਕਰੋੜ ਦੀ ਸਬਸਿਡੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਬਿਜਲੀ ਖਰੀਦਣ ਵਾਲੇ ਚਾਰ ਕਿਸਮ ਦੇ ਖਰੀਦਦਾਰ ਹਨ, ਜਿਹੜੇ ਕਿ ਘਰ, ਵਪਾਰਕ, ਇੰਡਸਟਰੀ ਤੇ ਕਿਸਾਨ ਹਨ।

ਪੰਜਾਬ ਸਰਕਾਰ ਵੱਲੋਂ ਕਰੀਬ 12,000 ਕਰੋੜ ਰੁਪਏ ਸਾਲਾਨਾ ਦੀ ਮੁਫਤ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਵਿੱਚ ਇੰਡਸਟਰੀ ਲਈ 2000 ਕਰੋੜ ਰੁਪਏ ਹਨ। ਜਿਸ ਕਾਰਨ ਸਿਰਫ ਘਰ ਤੇ ਕਾਰੋਬਾਰੀ ਬਿਜਲੀ ਕੁਨੈਕਸ਼ਨਾਂ ਉੱਤੇ ਹੀ ਸਬਸਿਡੀ ਦਾ ਬੋਝ ਪੈ ਰਿਹਾ ਹੈ। ਇਸੇ ਤਰਾਂ ਘਰ ਤੇ ਦੁਕਾਨਾਂ ‘ਤੇ 55 % ਟੈਕਸ ਹੈ। ਇਸ ਹਿਸਾਬ ਨਾਲ ਘਰ ਵਿੱਚ 8.75 ਰੁਪਏ ਅਤੇ ਦੁਕਾਨਾਂ ਲਈ 10.77 ਰੁਪਏ ਪ੍ਰਤੀ ਯੂਨਿਟ ਬਿਜਲੀ ਪੈ ਰਹੀ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਪਿਛਲੇ 10 ਸਾਲਾਂ ਵਿੱਚ ਹਰ ਸਾਲ 2% ਤੋਂ 12% ਤੱਕ ਟੈਰਿਫ ਦਰ ਵੀ ਵਧਾਏ ਗਏ ਹਨ। ਇਸਦਾ ਭਾਰ ਵੀ ਘਰੇਲੂ ਬਿਜਲੀ ‘ਤੇ ਹੀ ਪੈ ਰਿਹਾ ਹੈ।

ਯਾਨੀ ਕਿ ਜੇਕਰ ਪੰਜਾਬ ਦੀ ਬਿਜਲੀ ਦਾ ਗਣਿਤ ਦੇਖੀਏ ਤਾਂ ਬਿਜਲੀ ਦੀ ਸ਼ੁੱਧ ਕੀਮਤ ਸਿਰਫ 6.95 ਰੁਪਏ ਹੈ। ਜਿਸ ਵਿੱਚ 35% ਸਿਧਾ ਟੈਕਸ, 8%,ਈਡੀ, 5% ਸਮਾਜਿਕ ਸਿਕਿਊਰਿਟੀ ਸੈੱਸ, 5% ਇੰਫ੍ਰਾਸਟ੍ਰਕਚਰ ਸੈੱਸ , 2% ਨਗਰ ਨਿਗਮ ਟੈਕਸ ਅਤੇ ਨਾਲ ਹੀ 2 ਪੈਸੇ ਪ੍ਰਤੀ ਯੂਨਿਟ ਗਉ ਸੈੱਸ ਵੀ ਲਗਾਇਆ ਜਾਂਦਾ ਹੈ। ਇਸ ਤੋਂ ਅਲਾਵਾ ਬਿਜਲੀ ਦੇ ਬਿੱਲ ਵਿੱਚ 20% ਹਿਡਨ ਚਾਰਜਿਸ ਲਗਾ ਕੇ ਬਿਜਲੀ ਦਾ ਬਿੱਲ ਤਿਆਰ ਹੁੰਦਾ ਹੈ।