ਅੰਡੇ ਅਤੇ ਚਿਕਨ ਖਾਣ ਦੇ ਸ਼ੋਕੀਨ ਇਹ ਖ਼ਬਰ ਜਰੂਰ ਪੜ੍ਹਨ

July 10, 2017

ਜੇਕਰ ਤੁਸੀਂ ਸੋਚਦੇ ਹੋ ਕੇ ਚਿਕਨ ਤੇ ਅੰਡੇ ਖਾ ਕੇ ਤੁਸੀਂ ਹਾਈ ਪ੍ਰੋਟੀਨ ਡਾਇਟ ਖਾ ਰਹੇ ਹੋ ਤੇ ਸਿਹਤ ਬਣਾ ਰਹੇ ਹੋ ਤਾ ਸ਼ਇਦ ਤੁਸੀਂ ਗ਼ਲਤ ਸੋਚ ਰਹੇ ਹੋ ਕਿਓਂਕਿ ਬਾਜ਼ਾਰ ਵਿਚ ਮਿਲਣ ਵਾਲੇ ਚਿਕਨ ਤੇ ਅੰਡੇ ਜ਼ਹਿਰੀਲੇ ਵੀ ਹੋ ਸਕਦੇ ਹਨ। ਜੀ ਹਾਂ ਲਾਅ ਕਮਿਸ਼ਨ ਦੇ ਇੱਕ ਅਧਿਐਨ ਮੁਤਾਬਿਕ ਮੁਰਗੀਆਂ ਅਤੇ ਚੂਚਿਆਂ ਨੂੰ ਐਂਟੀ-ਬਾਇਓਟਿਕ ਦੇਣ ਕਾਰਨ ਚਿਕਨ ਅਤੇ ਅੰਡੇ ਜ਼ਹਿਰੀਲੇ ਹੋ ਸਕਦੇ ਹਨ ਜਿਸ ਨਾਲ ਮਨੁੱਖੀ ਸਰੀਰ ਵਿੱਚ ਦਵਾਈਆਂ ਪ੍ਰਤੀ ਪ੍ਰਤੀਰੋਧੀ ਸਮਰੱਥਾ ਪੈਦਾ ਹੋ ਸਕਦੀ ਹੈ।

ਰਿਪੋਰਟ ਮੁਤਾਬਕ ਤਾਪਮਾਨ ਅਤੇ ਹੁੰਮਸ ਦੀ ਵੱਧ ਉਤਪਾਦਨ ਵਿੱਚ ਅਹਿਮ ਭੂਮਿਕਾ ਹੈ ਤੇ ਜ਼ਿਆਦਾ ਤਾਪਮਾਨ ਕਾਰਨ ਉਤਪਾਦਨ ਘਟ ਜਾਂਦਾ ਹੈ। ਭਾਰਤ ਵਿੱਚ ਪੋਲਟਰੀ ਫਾਰਮਾਂ ਵਿੱਚ ਮੁਰਗੀਆਂ ਨੂੰ ਇੱਕਸਮਾਨ ਤਾਪਮਾਨ ’ਤੇ ਰੱਖਿਆ ਜਾਂਦਾ ਹੈ। ਮੌਸਮ ਸਬੰਧੀ ਥੋੜ੍ਹੀ ਜਿਹੀ ਤਬਦੀਲੀ ਨਾਲ ਹੀ ਇਨ੍ਹਾਂ ਦੇ ਬਿਮਾਰ ਹੋਣ ਦਾ ਖ਼ਦਸ਼ਾ ਵਧ ਜਾਂਦਾ ਹੈ ਜਿਸ ਕਰਕੇ ਇਨ੍ਹਾਂ ਨੂੰ ਐਂਟੀ-ਬਾਇਓਟਿਕ ਦਿੱਤੇ ਜਾਂਦੇ ਹਨ।

‘ਟਰਾਂਸਪੋਰਟੇਸ਼ਨ ਐਂਡ ਹਾਊਸ ਕੀਪਿੰਗ ਆਫ਼ ਐੱਗ ਲੇਇੰਗ ਹੈੱਨਸ ਐਂਡ ਬਰਾਇਲਰ ਚਿਕਨਜ਼’ ਨਾਮੀਂ ਰਿਪੋਰਟ ਮੁਤਾਬਕ ਮੌਜੂਦਾ ਸਮੇਂ ਭਾਰਤ ਵਿੱਚ ਪੋਲਟਰੀ ਲਈ ਭੋਜਨ ਦਾ ਪੱਧਰ, ਮਿਆਰ ਤੇ ਮਾਤਰਾ ਨਿਰਧਾਰਤ ਕਰਨ ਸਬੰਧੀ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ ਜਿਸ ਕਾਰਨ ਇਨ੍ਹਾਂ ਦੇ ਭੋਜਨ ਵਿੱਚ ਐਂਟੀ-ਬਾਇਓਟਿਕਾਂ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ।

ਇਸ ਤੋਂ ਇਲਾਵਾ ਚੂਚਿਆਂ ਤੇ ਮੁਰਗੀਆਂ ਦੇ ਛੇਤੀ ਵਾਧੇ ਲਈ ਗ੍ਰੋਥ ਹਾਰਮੋਨ ਤੇ ਹੋਰ ਦਵਾਈਆਂ ਵੀ ਦਿੱਤੀਆਂ ਜਾਂਦਿਆਂ ਹਨ ਜਿਸ ਨਾਲ ਉਹਨਾਂ ਦੇ ਭਾਰ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੁੰਦਾ ਹੈ ।ਤੇ ਉਹ ਵੇਚਣ ਲਈ ਤਿਆਰ ਹੋ ਜਾਂਦੇ ਹਨ । ਪਰ ਇਸ ਸਭ ਦਾ ਤੁਹਾਡੀ ਸਿਹਤ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ ।

ਲਾਅ ਕਮਿਸ਼ਨ ਨੇ ਅਧਿਐਨਾਂ ਦਾ ਹਵਾਲਾ ਦਿੰਦਿਆਂ ਸੁਝਾਅ ਦਿੱਤਾ- ਹੈ ਕਿ ਚੂਚਿਆਂ ਅਤੇ ਮੁਰਗੀਆਂ ਨੂੰ ਕੋਕੀਡੀਓਸਟੈਟਸ ਸਮੇਤ ਹੋਰ ਐਂਟੀ-ਬਾਇਓਟਿਕ ਦਵਾਈਆਂ ਪਸ਼ੂਆਂ ਦੇ ਡਾਕਟਰ ਦੀ ਨਿਗਰਾਨੀ ਤੋਂ ਬਿਨਾਂ ਨਾ ਦਿੱਤੀਆਂ ਜਾਣ। ਆਪਣੀ ਰਿਪੋਰਟ ਵਿੱਚ ਲਾਅ ਕਮਿਸ਼ਨ ਨੇ ਕਿਹਾ ਹੈ ਕਿ ਚੂਚਿਆਂ ਤੇ ਮੁਰਗੀਆਂ ਨੂੰ ਦਿੱਤੀ ਜਾਣ ਵਾਲੀ ਫੀਡ ਪੌਸ਼ਟਿਕ ਹੋਵੇ ਅਤੇ ਇਸ ’ਚ ਐਂਟੀ-ਬਾਇਓਟਿਕਾਂ ਦੀ ਵਰਤੋਂ ਨਾ ਹੋਈ ਹੋਵੇ ਕਿਉਂਕਿ ਇਹ ਲੋਕਾਂ ਦੇ ਭੋਜਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ।