ਇਸ ਜੁਲਾਈ ਤੋਂ ਦੁਬਾਰਾ ਫੇਰ ਸ਼ੁਰੂ ਹੋਵੇਗੀ ਭਾਰੀ ਮਾਨਸੂਨੀ ਬਰਸਾਤ

July 9, 2017

ਲਉ ਜੀ ਹੋ ਜਾਉ ਤਿਆਰ… ਵਿਸ਼ਰਾਮ ਤੋਂ ਬਾਅਦ ਮਾਨਸੂਨੀ ਬਰਸਾਤ ਫਿਰ ਤੋਂ ਪੰਜਾਬ ਦਾ ਰੁਖ ਕਰਨ ਜਾ ਰਹੀ ਹੈ। ਭਾਵੇਂ ਪਿਛਲੇ ਹਫ਼ਤੇ ਹਲਕੇ ਮੀਂਹ ਦੀ ਟੁੱਟਵੀਂ ਕਾਰਵਾਈ ਹੁੰਦੀ ਰਹੀ, ਪਰ ਪਿਛਲੇ 2 ਦਿਨਾ ਤੋਂ ਚੱਲੀ ਪੱਛੋਂ ਨੇ ਇਸ ਹਲਕੀ ਕਾਰਵਾਈ ਨੂੰ ਵੀ ਬੰਦ ਕਰ ਦਿੱਤਾ ਪਰ ਰਾਹਤ ਦੀ ਖਬਰ ਇਹ ਹੈ ਕਿ ਘੱਟ ਦਬਾਅ ਦਾ ਸਿਸਟਮ ਪੂਰਬੀ ਯੂਪੀ ‘ਤੇ ਬਣਿਆ ਹੋਇਆ ਹੈ।

ਜਿਸਦੇ ਪੰਜਾਬ ਦੇ ਨੇੜੇ ਆਉਂਦਿਆਂ ਹੀ ਸੂਬੇ ਚ ਫਿਰ ਤੋਂ ਨਮੀ ਨਾਲ ਭਰਪੂਰ ਪੂਰਬੀ ਹਵਾਵਾਂ ਚੱਲਣ ਲੱਗ ਪੈਣਗੀਆਂ ਤੇ ਕੁਝ ਭਾਗਾਂ ਚ 10 ਜੁਲਾਈ ਦੀ ਸ਼ਾਮ ਤੋਂ ਹੀ ਬਰਸਾਤ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ।11 ਜੁਲਾਈ ਨੂੰ ਕਾਰਵਾਈ ਵਧੇਗੀ ਤੇ ਦਰਮਿਆਨਾ ਮੀਂਹ ਲੱਗਭੱਗ ਪੂਰੇ ਪੰਜਾਬ ਚ ਦੇਖਿਆ ਜਾਵੇਗਾ। 12 ਜੁਲਾਈ ਘੱਟ ਦਬਾਅ ਦਾ ਸਿਸਟਮ ਪੰਜਾਬ ਪੁੱਜਣ ਦੀ ਉਮੀਦ ਹੈ।

ਜਿਸਦੇ ਕਾਰਨ ਸੂਬੇ ਚ ਤੇਜ਼ ਹਵਾਵਾਂ ਨਾਲ ਭਾਰੀ ਬਰਸਾਤ ਹੋਵੇਗੀ, ਜਿਸਦੇ ਨਾਲ ਮਾਨਸੂਨ ਪੰਜਾਬ ਦੇ ਬਾਕੀ ਰਹਿੰਦੇ ਭਾਗਾਂ ਜਿਵੇਂ ਅਬੋਹਰ, ਫਾਜਿਲਕਾ, ਬਠਿੰਡਾ,ਮੁਕਤਸਰ, ਫਰੀਦਕੋਟ ਚ ਵੀ ਦਸਤਕ ਦੇ ਦੇਵੇਗੀ।ਕਿਸਾਨ ਵੀਰ ਤਾਜ਼ਾ ਹਾਲਾਤਾਂ ਦੇ ਹਿਸਾਬ ਨਾਲ ਝੋਨਾ ਜਾ ਬਾਸਮਤੀ ਲਾਉਣ ਦੀ ਤਿਆਰੀ ਕਰ ਸਕਦੇ ਹਨ ਨਾਲ ਹੀ ਨਰਮੇ ਦੀ ਫ਼ਸਲ ਨੂੰ ਪਾਣੀ ਵੀ ਮੌਸਮ ਨੂੰ ਦੇਖਦੇ ਹੋਏ ਅੱਗੇ ਪਿੱਛੇ ਕਰ ਸਕਦੇ ਹਨ।

ਬਰਸਾਤੀ ਕਾਰਵਾਈ 13 ਤੱਕ ਜਾਰੀ ਰਹੇਗੀ, ਉਸ ਉਪਰੰਤ ਇਸ ਵਿਚ ਕਟੌਤੀ ਆ ਜਾਵੇਗੀ। ਮੁਕਦੀ ਗੱਲ ਕਰੀਏ ਤਾਂ 11 ਜੁਲਾਈ ਤੋਂ ਪੰਜਾਬ ਚ ਮਾਨਸੂਨੀ ਬਰਸਾਤ ਦਾ ਦੂਜਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ, ਸਿੱਟੇ ਵਜੋਂ ਝੜੀ ਲੱਗਣ ਦੀ ਉਮੀਦ ਹੈ, ਦਿਨ ਦੇ ਤਾਪਮਾਨ ਚ 9-10°C ਦੀ ਗਿਰਾਵਟ ਆਵੇਗੀ ਤੇ ਪੰਜਾਬੀਆਂ ਨੂੰ ਚਿਪਚਿਪੀ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਅੱਜ ਵੀ ਇੱਕ ਦੋ ਥਾਵਾਂ ‘ਤੇ ਹਲਕੀ ਕਾਰਵਾਈ ਹੋ ਸਕਦੀ ਹੈ।