ਪੰਜਾਬ ਦੇ ਕਿਸਾਨਾ ਲਈ ਨਵੀ ਉਮੀਦ ਬਣ ਕੇ ਆਇਆ ਫਰਾਂਸ ਦਾ ਸਿੱਖ ਗੋਰਾ, ਇਹਨਾਂ ਰੇਟਾਂ ‘ਤੇ ਵਿਕਦੇ ਨੇ ਉਸਦੇ ਜੈਵਿਕ ਉਤਪਾਦ

December 12, 2017

ਪੰਜਾਬ ਵਿਚ ਕਿਰਸਾਨੀ ਨੂੰ ਭਾਵੇਂ ਘਾਟੇ ਦਾ ਸੌਦਾ ਦੱਸਿਆ ਜਾ ਰਿਹਾ ਹੈ ਅਤੇ ਰੋਜ਼ਾਨਾ ਪੰਜਾਬ ਦੇ ਕਿਸਾਨ ਖੁਦਕਸ਼ੀਆਂ ਦਾ ਸ਼ਿਕਾਰ ਹੋ ਰਹੇ ਹਨ | ਜੇਕਰ ਖੇਤੀ ਨੂੰ ਵਿਗਿਆਨਕ ਢੰਗ ਅਤੇ ਦਿਮਾਗ਼ ਨਾਲ ਕੀਤਾ ਜਾਵੇ ਤਾਂ ਇਹ ‘ਲੋਕਾਂ ਦਾ ਨਾ ਦੁੱਧ ਵਿਕਦਾ ਤੇਰਾ ਵਿਕਦਾ ਜੈ ਕੁਰੇ ਪਾਣੀ’ ਵਾਲੇ ਲੋਕ ਗੀਤ ‘ਤੇ ਖ਼ਰੀ ਉਤਰ ਸਕਦੀ ਹੈ |

ਦੱਖਣੀ ਫਰਾਂਸ ਤੋਂ ਆ ਕੇ ਪੰਜਾਬ ਦੀ ਜ਼ਰਖੇਜ਼ ਧਰਤੀ ਨੂੰ ਆਪਣੇ ਸੁਪਨਿਆਂ ਦੀ ਧਰਤੀ ਬਣਾਉਣ ਵਾਲੇ ਇਸਾਈ ਅੰਗਰੇਜ਼ ਤੋਂ ਅੰਮਿ੍ਤਧਾਰੀ ਸਿੱਖ ਬਣੇ ਦਰਸ਼ਨ ਸਿੰਘ ਰੁਡੇਲ ਨੇ ਖੇਤੀ ਨੂੰ ਲਾਹੇਵੰਦ ਕਿੱਤਾ ਬਣਾ ਕੇ ਪੰਜਾਬ ਦੇ ਕਿਸਾਨਾਂ ਲਈ ਮਿਸਾਲ ਕਾਇਮ ਕਰ ਦਿੱਤੀ ਹੈ | ਰੂਪਨਗਰ ਜ਼ਿਲ੍ਹੇ ‘ਚ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕਾਂਗੜ ਵਿਖੇ ‘ਰਜ਼ਾ ਫਾਰਮ’ ਨੂੰ ਚਲਾ ਰਹੇ ਇਸ ਗੋਰੇ ਸਿੱਖ ਨੇ 12 ਏਕੜ ਜ਼ਮੀਨ ਵਿਚ ਬਿਨ੍ਹਾਂ ਖਾਦਾਂ, ਨਦੀਨਨਾਸ਼ਕ ਤੇ ਕੀਟਨਾਸ਼ਕ ਦਵਾਈਆਂ ਦੇ ਮਿਸ਼ਰਤ ਖੇਤੀ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਵਿਚ ਖੇਤੀ ਹਾਲੇ ਵੀ ਲਾਹੇਵੰਦ ਧੰਦਾ ਹੈ |

ਇਸ ਦੇ ਫਾਰਮ ਵਿਚ ਸ਼ੁੱਧ ਆਰਗੈਨਿਕ ਕਣਕ ਖ਼ਰੀਦਣ ਲਈ ਲੋਕ ਦੋ ਸਾਲ ਪਹਿਲਾਂ ਹੀ ਬੁਕਿੰਗ ਕਰਵਾ ਦਿੰਦੇ ਹਨ | ਜਦੋਂ ਕਿ ਸ਼ੁੱਧ ਦੇਸੀ ਤੇ ਬਿਨ੍ਹਾਂ ਮਿੱਠੇ ਸੋਢੇ ਤੋਂ ਤਿਆਰ ਗੁੜ ਲੈਣ ਲਈ ਵੀ ਲੋਕਾਂ ਨੂੰ ਦੋ-ਦੋ ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ | ਦਰਸ਼ਨ ਸਿੰਘ ਰੁਡੇਲ ਨੇ ਦੱਸਿਆ ਕਿ ਉਸ ਦੀ ਤਿਆਰ ਕੀਤੀ ਦੇਸੀ ਕਣਕ ਨੂੰ ਲੋਕ 4 ਤੋਂ 6 ਹਜ਼ਾਰ ਰੁਪਏ ਕੁਇੰਟਲ ਤੱਕ ਖ਼ਰੀਦ ਲੈਂਦੇ ਹਨ | ਜਦੋਂ ਕਿ ਉਸ ਦਾ ਗੁੜ 140 ਰੁਪਏ ਕਿ: ਗ੍ਰਾ: ਵਿਕ ਜਾਂਦਾ ਹੈ | ਦਰਸ਼ਨ ਆਪਣੇ ਖੇਤਾਂ ਵਿਚ ਅਨਾਜ ਵਾਲੀਆਂ ਫ਼ਸਲਾਂ ਤੋਂ ਇਲਾਵਾ ਫਲ, ਸਬਜ਼ੀਆਂ, ਮਸਾਲੇ ਅਤੇ ਹੋਰ ਫ਼ਸਲਾਂ ਦੀ ਖੇਤੀ ਵੀ ਕਰਦਾ ਹੈ | ਦਰਸ਼ਨ ਸਿੰਘ ਰੁਡੇਲ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਖੇਤੀ ਬੰਦ ਨਾ ਕੀਤੀ ਤਾਂ ਭਵਿੱਖ ਵਿਚ ਪੰਜਾਬ ਰੇਗਿਸਤਾਨ ਬਣ ਜਾਵੇਗਾ |

ਪੰਜਾਬੀਆਂ ਵਲੋਂ ਖੇਤੀ ਦਾ ਕੰਮ ਪ੍ਰਵਾਸੀ ਭਈਆਂ ਸਹਾਰੇ ਛੱਡ ਦੇਣ ਨੂੰ ਚਿੰਤਾ ਦਾ ਵਿਸ਼ਾ ਦਸਦਿਆਂ ਇਸ ਗੋਰੇ ਕਿਸਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਪੰਜਾਬੀ ਹੋਰ ਵਧੇਰੇ ਬਿਮਾਰੀਆਂ ਦਾ ਸ਼ਿਕਾਰ ਹੋਣਗੇ ਅਤੇ ਪੰਜਾਬ ਵਰਗੇ ਸੂਬੇ ਨੂੰ ਅਧਿਕ ਹਸਪਤਾਲਾਂ ਦੀ ਲੋੜ ਪਏਗੀ | ਉਨ੍ਹਾਂ ਸਮਰੱਥ ਪੰਜਾਬੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਸਪਤਾਲਾਂ ਵਿਚ ਇਲਾਜ ਲਈ ਲੱਖਾਂ ਕਰੋੜਾਂ ਰੁਪਏ ਖ਼ਰਚ ਕਰਨ ਦੀ ਬਜਾਏ ਆਰਗੈਨਿਕ ਖੇਤੀ ਤੋਂ ਤਿਆਰ ਉਤਪਾਦਾਂ ਦੀ ਵਰਤੋਂ ਕਰਨ |

ਇਸ ਨਾਲ ਜਿੱਥੇ ਉਨ੍ਹਾਂ ਦੀ ਸਿਹਤ ਠੀਕ ਰਹੇਗੀ ਉੱਥੇ ਪੰਜਾਬੀ ਕਿਰਸਾਨੀ ਨੂੰ ਇੱਥੋਂ ਦੀ ਉਪਜਾਊ ਜ਼ਮੀਨ ਨੂੰ ਖਾਦਾਂ ਤੇ ਦਵਾਈਆਂ ਦੇ ਜ਼ਹਿਰ ਤੋਂ ਬਚਾਉਣ ਵਿਚ ਮਦਦ ਮਿਲੇਗੀ | ਉਨ੍ਹਾਂ ਕਿਹਾ ਕਿ ਹਰੀ ਖਾਦ, ਖੇਤਾਂ ਨੂੰ ਕੁਝ ਸਮਾਂ ਖ਼ਾਲੀ ਛੱਡ ਕੇ ਅਤੇ ਬਦਲਵੇਂ ਫ਼ਸਲੀ ਚੱਕਰ ਨੂੰ ਅਪਣਾ ਕੇ ਖੇਤੀ ਦੀ ਉਤਪਾਦਕ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਹਾਈਬਿ੍ਡ ਬੀਜਾਂ ਰਾਹੀਂ ਅਧਿਕ ਝਾੜ ਪ੍ਰਾਪਤ ਕਰ ਸਕਦੇ ਹਨ |

ਕੀ-ਕੀ ਰੇਟਾਂ ‘ਤੇ ਵਿਕਦੇ ਨੇ ਜੈਵਿਕ ਉਤਪਾਦ

ਭਾਵੇਂ ਬਾਜ਼ਾਰ ਵਿਚ ਖੇਤੀ ਦੇ ਉਤਪਾਦ ਬਹੁਤ ਘੱਟ ਰੇਟ ‘ਤੇ ਵਿਕਦੇ ਹਨ ਪਰ ਇਸ ਗੋਰੇ ਸਿੱਖ ਦੇ ਫਾਰਮ ਵਿਚ ਜੈਵਿਕ (ਆਰਗੈਨਿਕ) ਢੰਗ ਨਾਲ ਤਿਆਰ ਫ਼ਸਲਾਂ ਦਾ ਕਾਫ਼ੀ ਭਾਅ ਮਿਲ ਜਾਂਦਾ ਹੈ | ਇਸ ਦੇ ਫਾਰਮ ਵਿਚ ਕੱਚੀ ਹਲਦੀ ਤੇ ਕੱਚੀ ਸੁੰਢ 80 ਰੁਪਏ, ਸੋਇਆਬੀਨ 100 ਰੁਪਏ, ਨਿੰਬੂ 40 ਰੁਪਏ, ਗੰਨਾ 20 ਰੁਪਏ ਪ੍ਰਤੀ ਪੀਸ ਅਤੇ ਗੰਨੇ ਦਾ ਰਸ 60 ਰੁਪਏ ਪ੍ਰਤੀ ਲੀਟਰ ਵਿਕਦਾ ਹੈ |

ਬਾਬੇ ਨਾਨਕ ਦੇ ਕਿਰਤ ਸਿਧਾਂਤ ‘ਚ ਹੈ ਵਿਸ਼ਵਾਸ

ਦਰਸ਼ਨ ਸਿੰਘ ਰੁਡੇਲ ਦਾ ਕਹਿਣਾ ਹੈ ਕਿ ਉਹ ਸਿੱਖ ਗੁਰੂਆਂ ਖਾਸਕਰ ਬਾਬੇ ਨਾਨਕ ਦੇ ਕਿਰਤ ਦੇ ਸਿਧਾਂਤਾਂ ਕਰਕੇ ਹੀ ਸਿੱਖ ਬਣਿਆ ਹੈ ਪਰ ਅੱਜ ਪੰਜਾਬ ਦੇ ਸਿੱਖ ਹੀ ਹੱਥੀ ਕਿਰਤ ਕਰਨਾ ਛੱਡ ਰਹੇ ਹਨ | ਇਹ ਗੋਰਾ ਸਿੱਖ 12 ਏਕੜ ਰਜ਼ਾ ਫਾਰਮ ਵਿਚ ਖੁਦ ਆਪ ਹੱਥੀ ਕੰਮ ਕਰਕੇ ਜ਼ਿੰਦਗੀ ਬਸਰ ਕਰ ਰਿਹਾ ਹੈ |

ਅੰਗਰੇਜ਼ੀ ਮਗਰ ਭੱਜਣ ਵਾਲੇ ਪੰਜਾਬੀਆਂ ਲਈ ਮਿਸਾਲ ਹੈ ਦਰਸ਼ਨ

ਪੰਜਾਬੀ ਆਪਣੀ ਮਾਂ ਬੋਲੀ ਨੂੰ ਭੁੱਲ ਰਹੇ ਹਨ ਅਤੇ ਪੱਛਮੀਕਰਨ ਦਾ ਪ੍ਰਭਾਵ ਹੈ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਦੀ ਹੋੜ ਵਿਚ ਲੱਗੇ ਹੋਏ ਹਨ ਪਰ ਇਸ ਫਰਾਂਸੀਸੀ ਗੋਰੇ ਸਿੱਖ ਨੇ 1998 ਤੋਂ ਹੁਣ ਤੱਕ ਇਸ ਧਰਤੀ ‘ਤੇ ਰਹਿ ਕੇ ਪੰਜਾਬੀ ਚੰਗੀ ਤਰ੍ਹਾਂ ਸਿੱਖ ਲਈ ਹੈ | ਉਹ ਆਮ ਪੰਜਾਬੀਆਂ ਵਾਂਗ ਗੱਲਾਂ ਕਰਦਾ ਹੈ | ਉਸ ਦਾ ਕਹਿਣਾ ਹੈ ਕਿ ਪੰਜਾਬੀ ਬੜੀ ਮਿੱਠੀ ਬੋਲੀ ਹੈ |