ਕੇਂਦਰ ਵੱਲੋਂ ਕਿਸਾਨਾਂ ਨੂੰ ਇੱਕ ਹੋਰ ਝਟਕਾ, ਏਨੇ ਰੁਪਏ ਵਧੀ DAP ਦੇ ਗੱਟੇ ਦੀ ਕੀਮਤ

ਪਹਿਲਾਂ ਹੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਹੋਰ ਝਟਕਾ ਦੇ ਦਿੱਤਾ ਗਿਆ ਹੈ ਜਿਸ ਨਾਲ ਕਿਸਾਨਾਂ ਦਾ ਖਰਚਾ ਹੋਰ ਵੀ ਵੱਧ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਡੀਏਪੀ ਖਾਦ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਥੈਲਾ ਵਾਧਾ ਕਰ ਦਿੱਤਾ ਹੈ। ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਡਾਇਅਮੋਨੀਅਮ ਫ਼ਾਸਫ਼ੇਟ ਭਾਵ ਡੀਏਪੀ ਦੇ ਇੱਕ ਥੈਲੇ ਦੀ ਜਿਹੜੀ ਕੀਮਤ ਪਹਿਲਾਂ 1,150 ਰੁਪਏ ਸੀ, ਉਹ ਇਹ ਵੱਧ ਕੇ 1,200 ਰੁਪਏ ਹੋ ਗਈ ਹੈ।

ਕੇਂਦਰ ਵੱਲੋਂ ਖਾਦ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਲੇਕਰ ਕਿਸਾਨ ਹੋਰ ਵੀ ਨਿਰਾਸ਼ ਹਨ। ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇੱਕ ਪਾਸੇ ਕੁਝ ਫ਼ਸਲਾਂ ਦੀ MSP ਨੂੰ ਵਧਾਇਆ ਹੈ ਪਰ ਡੀਏਪੀ ਖਾਦ ਮਹਿੰਗੀ ਕਰਕੇ ਕਿਸਾਨਾਂ ਦੇ ਖਰਚੇ ਨੂੰ ਵੀ ਵਧਾ ਦਿੱਤਾ ਹੈ। ਕਿਸਾਨਾਂ ਨੂੰ ਪਹਿਲਾਂ ਹੀ ਖੇਤੀਬਾੜੀ ਦੀਆਂ ਲਾਗਤਾਂ ਤੋਂ ਪ੍ਰੇਸ਼ਾਨੀ ਹੈ ਅਤੇ ਹੁਣ ਖਾਦ ਮਹਿੰਗੀ ਹੋਣ ਤੋਂ ਬਾਅਦ ਖੇਤੀ ਦੀ ਲਾਗਤ ਹੋਰ ਵੀ ਵੱਧ ਜਾਵੇਗੀ।

ਸਹਿਕਾਰੀ ਸਭਾ ਬਠਿੰਡਾ ਦੇ ਸਕੱਤਰ ਚਮਕੌਰ ਸਿੰਘ ਦਾ ਕਹਿਣਾ ਹੈ ਕਿ ਇਹ ਵਧੀਆਂ ਕੀਮਤਾਂ ਅਕਤੂਬਰ ਤੋਂ ਬਾਅਦ DAP ਖਾਦ ਦੇ ਸਟਾਕ ਉੱਤੇ ਲਾਗੂ ਹੋਣਗੀਆਂ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ-ਏਕਤਾ ਉਗਰਾਹਾਂ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕੇਂਦਰ ਤੇ ਦੋਸ਼ ਲਾਇਆ ਕਿ ਖਾਦ ਦੀਆਂ ਕੀਮਤਾਂ ਜਾਣਬੁਝ ਕੇ ਵਧਾਈਆਂ ਗਈਆਂ ਹਨ।

ਨਾਲ ਹੀ ਉਨ੍ਹਾਂ ਕਿਹਾ ਕਿ ਇਸਦੇ ਪਿੱਛੇ ਸਰਕਾਰ ਦਾ ਮਕਸਦ ਪਹਿਲਾਂ ਹੀ ਮਾੜੀ ਆਰਥਿਕਤਾ ਨਾਲ ਜੂਝ ਰਹੇ ਕਿਸਾਨਾਂ ਨੂੰ ਧੱਕ ਕੇ ਹਾਸ਼ੀਏ ’ਤੇ ਪਹੁੰਚਾਉਣਾ ਹੈ। ਖੇਤੀ ਵਿਕਾਸ ਅਧਿਕਾਰੀ ਨੇ ਕਿਹਾ ਕਿ ਇਫ਼ਕੋ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਡੀਏਪੀ ਖਾਦ ਵਿੱਚ ਦੋ ਵਾਰ ਕੀਤਾ ਜਾ ਚੁੱਕਾ ਹੈ ਤੇ ਕੀਮਤਾਂ ਤੈਅ ਕਰਨ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ।