ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਵੱਡਾ ਝਟਕਾ, ਏਨੇ ਰੁਪਏ ਵਧੇ ਡੀ.ਏ.ਪੀ ਦੇ ਰੇਟ

ਡੀਜ਼ਲ ਦੀ ਮਾਰ ਤੋਂ ਬਾਅਦ ਕੇਂਦਰ ਸਰਕਾਰ ਨੇ ਪਹਿਲਾਂ ਹੀ ਡੁੱਬ ਰਹੀ ਕਿਸਾਨੀ ਨੂੰ ਇੱਕ ਹੋਰ ਝਟਕਾ ਦਿੱਤਾ ਹੈ ਇਕ ਪਾਸੇ ਜਿਥੇ ਕੇਂਦਰ ਸਰਕਾਰ ਨੇ 2024 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਗੱਲ ਕਹਿ ਰਹੀ ਹੈ ਦੂਜੇ ਪਾਸੇ ਕਿਸਾਨਾਂ ਨੂੰ ਲੁੱਟਣ ਦੀ ਪੂਰੀ ਤਿਆਰੀ ਚੱਲ ਰਹੀ ਹੈ ਡੀਜ਼ਲ ਤੇ ਖਾਦਾਂ ਦੇ ਭਾਅ ਵੱਧ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਖੇਤੀ ਖ਼ਰਚੇ ਆਉਣ ਵਾਲੇ ਦਿਨਾਂ ਫਸਲਾਂ ਦੀ ਕੀਮਤ ਤੋਂ ਵੀ ਟੱਪ ਜਾਣਗੇ |

ਕਿਸਾਨਾਂ ‘ਤੇ ਜਲਦੀ ਹੀ ਡੀ.ਏ.ਪੀ. ਖਾਦ ਤੋਂ ਇਲਾਵਾ ਫਾਸਫੋਰਿਕ ਤੇ ਹੋਰ ਖਾਦਾਂ ਦੇ ਵਧੇ ਰੇਟਾਂ ਦਾ ਬੋਝ ਪੈਣ ਵਾਲਾ ਹੈ | ਖਾਦ ਕੰਪਨੀਆਂ ਨੇ ਡੀ.ਏ.ਪੀ. ਖਾਦ ਦੀ ਨਵੀਂ ਸਪਲਾਈ ਤੇ ਡੀ.ਏ.ਪੀ. ਖਾਦ ਦਾ ਥੈਲਾ 300 ਰੁਪਏ ਤੱਕ ਵਧਾ ਦਿੱਤਾ ਹੈ |

ਖਾਦ ਕੰਪਨੀਆਂ ਮੁਤਾਬਿਕ ਡੀ.ਏ.ਪੀ. ਖਾਦ ਜੋ ਕਿ ਪਹਿਲਾਂ ਹੀ ਗੁਦਾਮਾਂ ‘ਚ ਪਈ ਹੈ ਉਹ ਪੁਰਾਣੇ ਰੇਟ 1200 ਰੁਪਏ ਪ੍ਰਤੀ ਥੈਲਾ ਅਨੁਸਾਰ ਹੀ ਵੇਚੀ ਜਾਵੇਗੀ ਤੇ ਅਪ੍ਰੈਲ ‘ਚ ਜੋ ਨਵਾਂ ਡੀ.ਏ.ਪੀ. ਸਪਲਾਈ ਕੀਤਾ ਜਾਵੇਗਾ, ਉਸ ਦਾ ਭਾਅ (ਐਮ.ਆਰ.ਪੀ.) 1500 ਰੁਪਏ ਪ੍ਰਤੀ ਥੈਲਾ ਹੋਵੇਗਾ |

ਖਾਦ ਕੰਪਨੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀ.ਏ.ਪੀ. ਖਾਦ ਤੇ ਇਸ ਦੀ ਕੱਚੀ ਸਮਗਰੀ ਫਾਸਫੋਰਿਕ ਅਤੇ ਅਮੋਨਿਆ ਜ਼ਿਆਦਾਤਰ ਦੂਜੇ ਦੇਸ਼ਾਂ ਚੀਨ ਤੇ ਸਾਉਦੀ ਅਰਬ ਤੋਂ ਮੰਗਵਾਈ ਜਾਂਦੀ ਹੈ | ਡੀ.ਏ.ਪੀ. ਖਾਦ ਦੇ ਵਧਣ ਨਾਲ ਦੇਸ਼ ਦੇ ਕਿਸਾਨਾਂ ‘ਤੇ 850 ਕਰੋੜ ਦਾ ਵਾਧੂ ਬੋਝ ਪਵੇਗਾ |

ਡੀ.ਏ.ਪੀ. ਖਾਦ ਤੋਂ ਇਲਾਵਾ ਡੀ.ਏ.ਪੀ. ਮਿਸ਼ਰਤ ਵਾਲੀਆਂ ਹੋਰ ਖਾਦਾਂ ਦੇ ਭਾਅ ਵੀ 140 ਤੋਂ 150 ਰੁਪਏ ਪ੍ਰਤੀ ਥੈਲਾ ਤੱਕ ਵੱਧ ਜਾਣਗੇ | ਖਾਦ ਕੰਪਨੀਆਂ ਵਲੋਂ ਹਰ ਸਾਲ ਡੀ.ਏ.ਪੀ. ਅਤੇ ਡੀ.ਏ.ਪੀ. ਖਾਦ ਦੇ ਰਾਅ ਮੈਟੀਰੀਅਲ ਦੇ ਫਰਵਰੀ ਜਾਂ ਮਾਰਚ ਮਹੀਨੇ ਹੀ ਇੰਟਰਨੈਸ਼ਨਲ ਕੰਪਨੀਆਂ ਨਾਲ ਸੌਦੇ ਕੀਤੇ ਜਾਂਦੇ ਹਨ ਸੋ ਖਾਦ ਕੰਪਨੀਆਂ ਦੇ ਮਹਿੰਗੇ ਭਾਅ ਨਾਲ ਸੌਦੇ ਹੋ ਚੁੱਕੇ ਹਨ ਜਿਸ ਦੀ ਸਪਲਾਈ ਅਪੈ੍ਰਲ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ |

ਖਾਦ ਕੰਪਨੀਆਂ ਵਲੋਂ ਜਾਰੀ ਅੰਦਾਜ਼ਨ ਭਾਅ ਅਨੁਸਾਰ ਡੀ.ਏ.ਪੀ. ਦਾ ਭਾਅ 1200 ਤੋਂ 1450, ਐਨ.ਪੀ.ਕੇ. 20-20-0-13 ਦਾ ਭਾਅ 950 ਰੁਪਏ ਤੋਂ 1125 ਰੁਪਏ, ਐਨ.ਪੀ.ਕੇ. 10-26.26 ਦਾ ਭਾਅ 1185 ਰੁਪਏ ਤੋਂ 1385 ਰੁਪਏ, ਐਨ.ਪੀ. 28.28-0 ਦਾ ਭਾਅ 1275 ਰੁਪਏ ਤੋਂ 1525 ਰੁਪਏ,

ਐਨ.ਪੀ.ਕੇ. 16-20-0-13 ਦਾ ਭਾਅ 900 ਰੁਪਏ ਤੋਂ 1050 ਰੁਪਏ, ਐਨ.ਪੀ.ਕੇ. 14-35-14 ਦਾ ਭਾਅ 1275 ਤੋਂ 1500 ਰੁਪਏ, ਐਨ.ਪੀ.ਕੇ. 15-15-15 ਦਾ ਭਾਅ 1040 ਤੋਂ 1200 ਰੁਪਏ ਅਤੇ ਐਨ.ਪੀ.ਕੇ. 12.32-16 ਦਾ ਭਾਅ 1200 ਤੋਂ ਵਧ ਕੇ 1375 ਰੁਪਏ ਪ੍ਰਤੀ ਥੈਲਾ (50 ਕਿੱਲੋ) ਹੋ ਜਾਵੇਗਾ |