ਗੰਨੇ, ਆਲੂਆਂ ਅਤੇ ਤੋਰੀਏ ਆਦਿ ਫ਼ਸਲਾਂ ਦੇ ਵਿਹਲੇ ਹੋਣ ਵਾਲੇ ਖੇਤਾਂ ਵਿਚ ਕਿਸਾਨ ਬਹਾਰ ਰੁੱਤ ਦੀ ਮੱਕੀ ਜਾਂ ਸੂਰਜਮੁਖੀ ਨੂੰ ਤੀਜੀ ਫ਼ਸਲ ਵਜੋਂ ਕਾਸ਼ਤ ਕਰ ਸਕਦੇ ਹਨ |ਇਹਨਾਂ ਦੋਨਾਂ ਫ਼ਸਲਾਂ ਦੀ ਬਿਜਾਈ 15 ਜਨਵਰੀ ਤੋਂ 20 ਫਰਵਰੀ ਤੱਕ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਆਓ ਜਾਣੀਏ ਦੋਵੇਂ ਫ਼ਸਲਾਂ ਵਿਚੋਂ ਕਿਹੜੀ ਫ਼ਸਲ ਬਿਹਤਰ ਹੈ
ਬਹਾਰ ਰੁੱਤ ਮੱਕੀ ਜਾਂ ਸੂਰਜਮੁਖੀ
ਖੇਤੀ ਪ੍ਰਧਾਨ ਸੂਬਾ ਪੰਜਾਬ ਦੇ ਦੋਆਬਾ ਇਲਾਕੇ ਦੇ ਜ਼ਿਲ੍ਹਾ ਜਲੰਧਰ ਦੇ ਕਿਸਾਨ ਹਰ ਤਰ੍ਹਾਂ ਦੀ ਖੇਤੀ ਲਈ ਪ੍ਰਯੋਗ ਕਰਨ ‘ਚ ਹਮੇਸ਼ਾ ਵਿਸ਼ਵਾਸ ਰੱਖਦੇ ਹਨ, ਪਰੰਤੂ ਇੱਥੋਂ ਦੇ ਕਿਸਾਨਾਂ ਨੂੰ ਸੂਰਜਮੁਖੀ ਜ਼ਿਆਦਾ ਦੇਰ ਮੋਹ ਨਹੀਂ ਸਕਿਆ। ਪਰ ਕਿਸਾਨ ਮੰਨਦੇ ਹਨ ਕਿ ਓਹਨਾ ਨੂੰ ਸੂਰਜਮੁਖੀ ਦਾ ਉਚਿਤ ਮੁੱਲ ਨਹੀਂ ਮਿਲਦਾ। ਦੂਜਾ, ਮੂਲ ਰੂਪ ‘ਚ ਪੰਜਾਬ ਦੀ ਫਸਲ ਨਾ ਹੋਣ ਕਾਰਨ ਉਤਪਾਦਨ ਵੀ ਕਾਫ਼ੀ ਘੱਟ ਹੁੰਦਾ ਹੈ। ਜਦਕਿ ਇਸ ਦੀ ਬਜਾਏ ਮੱਕੀ ਦੀ ਖ਼ਰੀਦ ਵੀ ਹੋ ਜਾਂਦੀ ਹੈ ਅਤੇ ਲਾਗਤ ਘੱਟ ਹੋਣ ਦੇ ਨਾਲ-ਨਾਲ ਪੈਦਾਵਾਰ ਵੀ ਵੱਧ ਹੁੰਦੀ ਹੈ। ਜਿਸ ਕਾਰਨ ਕਿਸਾਨ ਮੱਕੀ ਦੀ ਫਸਲ ਨੂੰ ਤਰਜੀਹ ਦੇਣ ਲੱਗੇ ਹਨ।
ਆਮ ਤੌਰ ‘ਤੇ ਮੱਕੀ ਦਾ ਉਤਪਾਦਨ ਇਕ ਏਕੜ ‘ਚ 30 ਕੁਇੰਟਲ ਤਕ ਹੋ ਜਾਂਦਾ ਹੈ, ਜਦਕਿ ਬਾਜ਼ਾਰ ‘ਚ ਇਸ ਦੀ ਕੀਮਤ 1000 ਤੋਂ 1500 ਤਕ ਹੁੰਦੀ ਹੈ। ਇਸ ਤੋਂ ਇਲਾਵਾ ਪਾਣੀ ਦੀ ਖਪਤ ਵੀ ਘੱਟ ਹੁੰਦੀ ਹੈ। ਸੂਰਜਮੁਖੀ ਦੀ ਫਸਲ ਲਈ ਵੱਧ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ। ਫਸਲ ਨੂੰ ਤਿਆਰ ਹੋਣ ‘ਚ ਵੀ ਜ਼ਿਆਦਾ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ ਮੱਕੀ ਉੱਤੇ ਸੂਰਜਮੁਖੀ ਦੇ ਮੁਕਾਬਲੇ ਲਾਗਤ ਵੀ ਘੱਟ ਆਉਂਦੀ ਹੈ ਤੇ ਸੂਰਜਮੁਖੀ ਦੀ ਫਸਲ ਨੂੰ ਪੰਛੀ ਵੀ ਨੁਕਸਾਨ ਪਹੁੰਚਾਉਂਦੇ ਹਨ।
ਇਹ ਹਨ ਬਹਾਰ ਰੁੱਤ ਦੀ ਮੱਕੀ ਬੀਜਣ ਦੇ ਫਾਇਦੇ
ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਕਰਕੇ ਕਿਸਾਨ ਇਸ ਦੀ ਕਟਾਈ ਦੇ ਬਾਅਦ ਢੁਕਵੇਂ ਸਮੇਂ ‘ਤੇ ਹੀ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਵੀ ਕਰ ਸਕਦੇ ਹਨ। ਕੁਝ ਹਾਲਤਾਂ ਵਿਚ ਕਿਸਾਨਾਂ ਨੂੰ ਹਰੀ ਖਾਦ ਤਿਆਰ ਕਰਨ ਲਈ ਜੰਤਰ ਬੀਜਣ ਦਾ ਸਮਾਂ ਵੀ ਮਿਲ ਜਾਂਦਾ ਹੈ। ਇਹ ਫ਼ਸਲ ਪੱਕ ਕੇ ਤਿਆਰ ਹੋਣ ਉਪਰੰਤ ਜਿਥੇ ਚੰਗੀ ਆਮਦਨ ਦਿੰਦੀ ਹੈ ਉਸ ਦੇ ਨਾਲ ਹੀ ਕਿਸਾਨ ਹਰੀਆਂ ਛੱਲੀਆਂ ਵੇਚ ਕੇ ਵੀ ਮੋਟੀ ਕਮਾਈ ਕਰ ਸਕਦੇ ਹਨ। ਬਹਾਰ ਰੁੱਤ ਦੀ ਮੱਕੀ ਦੀਆਂ ਜ਼ਿਆਦਾਤਰ ਕਿਸਮਾਂ ਦੇ ਟਾਂਡੇ ਫ਼ਸਲ ਦੇ ਪੱਕਣ ਉਪਰੰਤ ਵੀ ਹਰੇ ਹੀ ਰਹਿੰਦੇ ਹਨ। ਇਸ ਕਾਰਨ ਕਿਸਾਨ ਹਰੀ ਜਾਂ ਪੱਕੀ ਫ਼ਸਲ ਵੱਢਣ ਉਪਰੰਤ ਇਸ ਦੇ ਟਾਂਡਿਆਂ ਨੂੰ ਚਾਰੇ ਵਜੋਂ ਵੇਚ ਕੇ ਵੀ ਆਮਦਨ ਵਿਚ ਵਾਧਾ ਕਰ ਸਕਦੇ ਹਨ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਹਾਰ ਰੁੱਤ ਦੀ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਦੀ ਬਿਜਾਈ 15 ਜਨਵਰੀ ਤੋਂ 20 ਫਰਵਰੀ ਤੱਕ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਇਸ ਮੌਸਮ ਵਿੱਚ ਬੀਜਣ ਲਈ ਪੀ.ਐੱਚ.ਐੱਚ-8, ਪੀ.ਐੱਮ.ਐੱਚ-8 ਤੋਂ ਕੋਈ 31 ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਇਹ 117 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।