ਇਹਨਾਂ ਗੱਲਾਂ ਦਾ ਧਿਆਨ ਬਹੁਤ ਘੱਟ ਹੋਵੇਗਾ ਦਾਣਿਆਂ ਦਾ ਨੁਕਸਾਨ

ਪੰਜਾਬ ਦੀ ਖੇਤੀ ਵਿਚ ਕੰਬਾਈਨਾਂ ਦਾ ਉਘਾ ਯੋਗਦਾਨ ਹੈ। ਇਸ ਵਕਤ ਪੰਜਾਬ ਵਿੱਚ 75 ਫੀਸਦ ਕਣਕ ਦੀ ਕਟਾਈ ਕੰਬਾਈਨਾਂ ਨਾਲ ਹੁੰਦੀ ਹੈ। ਬਾਕੀ ਦੀ ਫਸਲ ਰੀਪਰ ਨਾਲ ਜਾਂ ਹੱਥੀਂ ਕੱਟੀ ਜਾਂਦੀ ਹੈ। ਇਸ ਉਪਰੰਤ ਥਰੈਸ਼ਰਾਂ ਨਾਲ ਗਹਾਈ ਕੀਤੀ ਜਾਂਦੀ ਹੈ। ਕੰਬਾਈਨਾਂ ਨਾਲ ਕਟਾਈ ਆਮ ਤੌਰ ‘ਤੇ ਕਿਰਾਏ ਉੱਤੇ ਹੀ ਕਰਵਾਈ ਜਾਂਦੀ ਹੈ।

ਕਿਰਾਏ ‘ਤੇ ਕੰਮ ਕਰਨ ਵਾਲਿਆਂ ਨੂੰ ਕੰਮ ਜਲਦੀ ਮੁਕਮੰਲ ਹੋਣ ਦੀ ਕਾਹਲੀ ਹੁੰਦੀ ਹੈ, ਜਿਸ ਕਰ ਕੇ ਕਿਸਾਨ ਨੂੰ ਕਈ ਵਾਰ ਨੁਕਸਾਨ ਉਠਾਉਣਾ ਪੈਂਦਾ ਹੈ। ਕੰਬਾਈਨ ਚਾਲਕ ਨੂੰ ਇਨ੍ਹਾਂ ਨੁਕਸਾਨਾਂ ਬਾਰੇ ਸੁਚੇਤ ਕਰਵਾ ਕੇ ਕਿਸਾਨ ਆਪਣੇ ਪੱਧਰ ‘ਤੇ ਨੁਕਸਾਨ ਘਟਾ ਸਕਦੇ ਹਨ।

ਇਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਪਛੇਤੀ ਕਟਾਈ ਨਾਲ ਹੁੰਦਾ ਹੈ। ਕਣਕ ਦੀ ਕਟਾਈ 10 ਤੋਂ 12 ਪ੍ਰਤੀਸ਼ਤ ਨਮੀ ‘ਤੇ ਹੋ ਜਾਣੀ ਚਾਹੀਦੀ ਹੈ। ਦਾਣਿਆਂ ਦਾ ਨੁਕਸਾਨ ਕਿਵੇਂ ਘਟੇ: ਦਾਣਿਆਂ ਦਾ ਨੁਕਸਾਨ ਅਤੇ ਕੰਬਾਈਨਾਂ ਦੇ ਨੁਕਸ ਸੈਂਟਿੰਗ ਰਾਹੀਂ ਦੂਰ ਕੀਤੇ ਜਾਂਦੇ ਹਨ।

ਕੰਬਾਈਨ ਨਾਲ ਸਹੀ ਅਤੇ ਸੁਰੱਖਿਅਤ ਕੰਮ ਕਰਨ ਲਈ ਹੇਠਾਂ ਲਿਖੇ ਨੁਕਤੇ ਧਿਆਨ ਵਿੱਚ ਰੱਖਣੇ ਬਹੁਤ ਜ਼ਰੂਰੀ ਹਨ:

  • ਮਸ਼ੀਨ ਮਿੱਥੀ ਹੋਈ ਰਫਤਾਰ ’ਤੇ ਚਲਾਓ।
  • ਡਿੱਗੀ ਫਸਲ ਚੁੱਕਣ ਵਾਸਤੇ ਕੰਬਾਈਨ ਫਸਲ ਡਿੱਗਣ ਦੀ ਉਲਟ ਦਿਸ਼ਾ ਵਿੱਚ ਚਲਾਉਣੀ ਚਾਹੀਦੀ ਹੈ।
  • ਜੇ ਫਸਲ ਦੀ ਨਮੀ 12 ਪ੍ਰਤੀਸ਼ਤ ਤੋਂ ਵੱਧ ਹੋਵੇ ਤਾਂ ਵਾਢੀ ਨਾ ਕਰੋ।
  • ਖੁੰਡੇ ਹੋ ਗਏ ਕਟਰਬਾਰ ਦੇ ਬਲੇਡ ਬਦਲੋ।

  • ਜੇ ਕੰਬਾਈਨ ਦੇ ਪਿੱਛੇ ਦਾਣਿਆਂ ਦਾ ਨੁਕਸਾਨ ਇੱਕ ਪ੍ਰਤੀਸ਼ਤ ਤੋਂ ਵੱਧ ਹੈ ਤਾਂ ਪੱਖੇ ਦੀ ਹਵਾ ਘਟਾਉ।ਜੇ ਫਿਰ ਵੀ ਫਰਕ ਨਾ ਪਵੇ ਤਾਂ ਸਫਾਈ ਵਾਲੀ ਜਾਲੀ ਦੀ ਵਿੱਥ ਵਧਾਉ।
  • ਜੇ ਦਾਣਿਆਂ ਦੇ ਟੈਂਕ ਵਿੱਚ ਦਾਣਿਆਂ ਦੀ ਟੁੱਟ ਵੱਧ ਹੈ ਤਾਂ ਸਿਲੰਡਰ ਤੇ ਕਨਕੇਵ ਵਿੱਚ ਵਿੱਥ ਵਧਾਉ।
  • ਜੇ ਅਣਗਾਹੇ ਦਾਣੇ ਇੱਕ ਪ੍ਰਤੀਸ਼ਤ ਤੋਂ ਵੱਧ ਹਨ ਤਾਂ ਸਿਲੰਡਰ ਤੇ ਕਨਕੇਵ ਵਿੱਚ ਵਿੱਥ ਘਟਾਉ।
  • ਜੇ ਕੰਬਾਈਨ ਓਵਰਲੋਡ ਹੋ ਰਹੀ ਹੈ ਤਾਂ ਰਫਤਾਰ ਘਟਾਓ ਜਾਂ ਫਸਲ ਨੂੰ ਉਚਾਈ ਤੋਂ ਵੱਢੋ।