ਹੁਣ ਅਵਾਰਾ ਗਾਵਾਂ ਵੀ ਦੇਣਗੀਆਂ ਸਾਹੀਵਾਲ ਨਸਲ ਦੇ ਬੱਚੇ

February 2, 2018

ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ‘ਵਰਸਿਟੀ ਵੱਲੋਂ ਭਰੂਣ ਤਬਾਦਲਾ ਵਿਧੀ ਰਾਹੀਂ ਉੱਤਮ ਕਿਸਮ ਦੀ ਦੇਸੀ ਸਾਹੀਵਾਲ ਨਸਲ ਦੀ ਗਾਂ ਦੇ ਬੱਚੇ ਹੋਲੈਸਟਨ ਫਰੀਜ਼ਨ ਦੋਗਲੀ ਨਸਲ ਦੀ ਗਾਂ ਤੋਂ ਪੈਦਾ ਕਰਵਾਏ ਗਏ ਹਨ |

ਇਸ ਸਬੰਧੀ ਜਾਣਕਾਰੀ ਦਿੰਦੇ ਵੈਟਰਨਰੀ ਸਾਇੰਸ ਕਾਲਜ ਦੇ ਡੀਨ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਦੱਸਿਆ ਕਿ ਵਲਾਇਤੀ ਨਸਲ ਦੀਆਂ ਗਾਂਵਾਂ ਤੇ ਦੇਸੀ ਨਸਲ ਦੇ ਪਸ਼ੂਆਂ ਦੀ ਕਰਾਸ ਬਰੀਡਿੰਗ ਦਾ ਕੰਮ ਮੁਲਕ ‘ਚ ਦੁੱਧ ਦੀ ਪੈਦਾਵਾਰ ਵਧਾਉਣ ਲਈ ਆਰੰਭਿਆ ਗਿਆ ਸੀ ਪਰ ਇਸ ਦੋਗਲੀ ਨਸਲ ਦੀਆਂ ਗਾਂਵਾਂ ਵਿਚ ਲੇਵੇ ਦੀ ਸੋਜ, ਲੰਗੜਾਪਨ ਤੇ ਹੋਰ ਕਈ ਬਿਮਾਰੀਆਂ ਕਾਰਨ ਕਾਮਯਾਬੀ ਨਹੀਂ ਮਿਲੀ |

ਇਸ ਕਾਰਨ ਕਿਸਾਨਾਂ ਨੇ ਦੁੱਧ ਦੇਣੋਂ ਛੱਡ ਦੇਣ ਤੋਂ ਬਾਅਦ ਇਨ੍ਹਾਂ ਗਾਂਵਾਂ ਨੂੰ ਖੁੱਲ੍ਹਾ ਛੱਡਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਇਹ ਸੜਕਾਂ ‘ਤੇ ਆ ਗਈਆਂ | ਇਨ੍ਹਾਂ ਗਾਂਵਾਂ ਤੋਂ ਭਰੂਣ ਤਬਾਦਲਾ ਵਿਧੀ ਰਾਹੀਂ ਸਾਹੀਵਾਲ ਨਸਲ ਦੇ ਵਧੀਆ ਵੱਛੇ-ਵੱਛੀਆਂ ਪੈਦਾ ਕੀਤੇ ਜਾ ਸਕਦੇ ਹਨ |

ਡਾ. ਬਰਾੜ ਨੇ ਦੱਸਿਆ ਕਿ ਸਾਹੀਵਾਲ ਨਸਲ ਦੀ ਗਾਂ ਦੀ ਕੁੱਖੋਂ ਵਧੀਆਂ ਨਸਲ ਦੇ ਸਾਨ੍ਹ ਦੇ ਵੀਰਜ ਟੀਕੇ ਨਾਲ ਭਰੂਣ ਤਿਆਰ ਕੀਤੇ ਗਏ ਤੇ ਉਸ ਗਾਂ ‘ਚੋਂ ਅੱਠ ਤੰਦਰੁਸਤ ਭਰੂਣ ਲੈ ਕੇ ਦੋਗਲੀ ਨਸਲ ਦੀਆਂ ਗਾਂਵਾਂ ‘ਚ ਰੱਖੇ ਗਏ ਜਿਨ੍ਹਾਂ ਵਿਚੋਂ ਚਾਰ ਗਾਂਵਾਂ ਗੱਭਣ ਹੋ ਗਈਆਂ |

ਇਨ੍ਹਾਂ ਗਾਂਵਾਂ ਵਿਚੋਂ ਦੋ ਗਾਂਵਾਂ ਨੇ ਬੜੇ ਤੰਦਰੁਸਤ ਵੱਛੇ ਤੇ ਇਕ ਗਾਂ ਨੇ ਵੱਛੀ ਪੈਦਾ ਕੀਤੀ ਜੋ ਕਿ ਬੜੀ ਵਧੀਆ ਕਿਸਮ ਦੇ ਅਤੇ ਸਿਹਤਮੰਦ ਸਾਹੀਵਾਲ ਨਸਲ ਦੇ ਬੱਚੇ ਹਨ | (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਅਜਿਹੀ ਤਕਨੀਕ ਨਾਲ ਦੇਸੀ ਨਸਲ ਦੀਆਂ ਗਾਂਵਾਂ ਦੀ ਗਿਣਤੀ ਭਾਰਤ ਸਰਕਾਰ ਦੇ ਰਾਸ਼ਟਰੀ ਗੋਕੁਲ ਮਿਸ਼ਨ ਪ੍ਰਾਜੈਕਟ ਤਹਿਤ ਵਧਾਈ ਜਾ ਸਕਦੀ ਹੈ ਅਤੇ ਦੋਗਲੀ ਨਸਲ ਦੀਆਂ ਅਵਾਰਾ ਗਾਂਵਾਂ ਦਾ ਵੀ ਫਾਇਦਾ ਲਿਆ ਜਾ ਸਕਦਾ ਹੈ | ਇਸ ਪ੍ਰਾਜੈਕਟ ਦੇ ਮੁਖੀ ਡਾ. ਬਰਾੜ ਤੇ ਉਨ੍ਹਾਂ ਦੀ ਪੂਰੀ ਟੀਮ ਦੀ ਬਹੁਤ ਵੱਡੀ ਪ੍ਰਾਪਤੀ ਹੈ |