ਝੋਨੇ ਦੇ ਸੀਜ਼ਨ ਵਾਸਤੇ ਬਿਜਲੀ ਸਪਲਾਈ ਸਬੰਧੀ ਕੈਪਟਨ ਨੇ ਦਿੱਤੇ ਇਹ ਅਹਿਮ ਨਿਰਦੇਸ਼

ਝੋਨੇ ਦੇ ਸੀਜ਼ਨ ਵਾਸਤੇ ਬਿਜਲੀ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਬਿਜਲੀ ਦੇ ਸਕੱਤਰ ਏ. ਵੇਨੂੰ ਪ੍ਰਸ਼ਾਦ ਨੂੰ ਕਿਹਾ ਕਿ ਉਹ ਕਿਸਾਨਾਂ ਦੀਆਂ ਬਿਜਲੀ ਨਾਲ ਸਬੰਧਿਤ ਸ਼ਿਕਾਇਤਾਂ ਦਾ ਸਮੇਂ ਸੀਮਾਂ ‘ਚ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ |

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਸੈਕਟਰ ਲਈ ਬਿਨਾਂ ਅੜਚਣ ਅੱਠ ਘੰਟੇ ਅਤੇ ਹੋਰਨਾਂ ਸ਼ੇ੍ਰਣੀਆਂ ਲਈ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਉਣ ਵਾਸਤੇ ਪਾਵਰਕਾਮ ਨੂੰ ਨਿਰਦੇਸ਼ ਦਿੱਤੇ ਹਨ |

 

ਸਕੱਤਰ ਨੇ ਕਿਹਾ ਕਿ ਵਿਭਾਗ ਨੇ ਆਉਂਦੇ ਗਰਮੀ ਦੇ ਮੌਸਮ ਦੌਰਾਨ ਸ਼ਿਕਾਇਤਾਂ ਦੇ ਅਸਰਦਾਰ ਨਿਪਟਾਰੇ ਲਈ ਪ੍ਰਭਾਵੀ ਕਦਮ ਚੁੱਕੇ ਹਨ | ਇਸਦੇ ਵਾਸਤੇ ਆਉਟਸੋਰਸ ਰਾਹੀਂ ਵਾਧੂ ਮੁਲਾਜ਼ਮ ਲਾਏ ਗਏ ਹਨ | ਆਰਜ਼ੀ ਆਧਾਰ ‘ਤੇ 2000 ਲੋਕਾਂ ਦੀਆਂ ਸੇਵਾਵਾਂ ਇੱਕ ਜੂਨ ਤੋਂ ਲੈ ਕੇ 30 ਸਤੰਬਰ ਤੱਕ ਲਈਆਂ ਗਈਆਂ ਹਨ |

ਉਨ੍ਹਾਂ ਇਹ ਵੀ ਦੱਸਿਆ ਕਿ ਟਰਾਂਸਫ਼ਾਰਮਰਾਂ, ਪੀ.ਵੀ.ਸੀ. ਤਾਰਾਂ ਤੇ ਹੋਰ ਸਮਗਰੀ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ | ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਕ ਖਿੜਕੀ ਸ਼ਿਕਾਇਤ ਨੰਬਰ 1912 ਨੂੰ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਕਿਸਾਨਾਂ ਨੂੰ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ | ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਬਿਜਲੀ ਦੀ ਮੰਗ ਦਾ ਵੀ ਜਾਇਜ਼ਾ ਲਿਆ |