ਪੰਜਾਬ ਵਿੱਚ ਭਾਰੀ ਮੀਂਹ ਕਾਰਨ ਇਹਨਾਂ ਇਲਾਕਿਆਂ ਵਿੱਚ 15 ਹਜ਼ਾਰ ਏਕੜ ਫ਼ਸਲ ਤਬਾਹ

July 4, 2017

ਪੰਜਾਬ ਵਿੱਚ ਮੀਂਹ ਕਾਰਨ ਕਰੀਬ 15 ਹਜ਼ਾਰ ਏਕੜ ਨਰਮੇ, ਕਪਾਹ ਅਤੇ ਝੋਨੇ ਦੀ ਫ਼ਸਲ ਪ੍ਰਭਾਵਤ ਹੋ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਮੁੱਢਲੇ ਪੜਾਅ ’ਤੇ ਮਾਲੀ ਸੱਟ ਵੱਜੀ ਹੈ। ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਫ਼ਸਲਾਂ ਪ੍ਰਭਾਵਤ ਹੋਈਆਂ ਹਨ, ਜਿਨ੍ਹਾਂ ਵਿੱਚ ਹੁਣ ਮੁੜ ਬਿਜਾਂਦ ਹੋਵੇਗੀ। ਇਸ ਹਫ਼ਤੇ ਨਰਮਾ ਪੱਟੀ ਸਮੇਤ ਪੰਜਾਬ ਭਰ ਵਿੱਚ ਕਾਫ਼ੀ ਚੰਗੀ ਬਾਰਸ਼ ਹੋਈ ਸੀ, ਜਿਸ ਨਾਲ ਬਠਿੰਡਾ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਸੀ।

ਜਾਣਕਾਰੀ ਅਨੁਸਾਰ ਭਾਰੀ ਮੀਂਹ ਪੈਣ ਨਾਲ ਪੰਜਾਬ ਵਿੱਚ 7100 ਏਕੜ ਨਰਮੇ-ਕਪਾਹ ਦੀ ਫ਼ਸਲ ਮਾਰ ਹੇਠ ਆ ਗਈ ਹੈ, ਜਦੋਂ ਕਿ 7200 ਏਕੜ ਝੋਨੇ ਦੀ ਫ਼ਸਲ ਪ੍ਰਭਾਵਤ ਹੋਈ ਹੈ। ਸੂਤਰਾਂ ਮੁਤਾਬਕ ਇਹ ਰਕਬਾ 25 ਹਜ਼ਾਰ ਤੋਂ ਜ਼ਿਆਦਾ ਹੈ ਪਰ ਸਰਕਾਰੀ ਸੂਤਰ ਇਸ ਤੋਂ ਇਨਕਾਰ ਕਰ ਰਹੇ ਹਨ।

ਸਰਕਾਰੀ ਰਿਪੋਰਟ ਅਨੁਸਾਰ ਮਾਨਸਾ ਵਿੱਚ ਛੇ ਹਜ਼ਾਰ ਏਕੜ ਨਰਮੇ ਦੀ ਫ਼ਸਲ ਡੁੱਬ ਗਈ ਹੈ, ਜਿੱਥੇ ਹਾਲੇ ਵੀ ਖੇਤਾਂ ਵਿੱਚ ਪਾਣੀ ਖੜ੍ਹਾ ਹੈ। ਕਿਸਾਨ ਦਫ਼ਤਰਾਂ ਵਿੱਚ ਫੋਨ ਖੜਕਾ ਰਹੇ ਹਨ। ਕਿਸਾਨਾਂ ਦਾ ਸ਼ਿਕਵਾ ਹੈ ਕਿ ਕੈਪਟਨ ਸਰਕਾਰ ਨੇ ਹਾਲੇ ਤੱਕ ਪ੍ਰਭਾਵਤ ਫ਼ਸਲਾਂ ਦਾ ਨੁਕਸਾਨ ਦੇਖਦਿਆਂ ਗਿਰਦਾਵਰੀ ਦੇ ਹੁਕਮ ਨਹੀਂ ਕੀਤੇ ਹਨ।

ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਮੀਂਹ ਕਾਰਨ 350 ਏਕੜ ਝੋਨੇ ਅਤੇ 200 ਏਕੜ ਨਰਮੇ ਦੀ ਫ਼ਸਲ ਖਰਾਬ ਹੋਈ ਹੈ, ਜਦੋਂ ਕਿ ਬਰਨਾਲਾ ਵਿੱਚ 900 ਏਕੜ ਨਰਮੇ ਦੀ ਫ਼ਸਲ ਡੁੱਬੀ ਹੈ ਅਤੇ 5250 ਏਕੜ ਝੋਨੇ ਦੀ ਫ਼ਸਲ ਪ੍ਰਭਾਵਤ ਹੋਈ ਹੈ।

ਪ੍ਰਭਾਵਤ ਕਿਸਾਨ ਹੁਣ ਝੋਨੇ ਦੀ ਪਨੀਰੀ ਦੀ ਤਲਾਸ਼ ਵਿੱਚ ਜੁਟ ਗਏ ਹਨ, ਜੋ ਹੁਣ ਮਹਿੰਗੇ ਭਾਅ ’ਤੇ ਮਿਲ ਰਹੀ ਹੈ। ਜਾਣਕਾਰੀ ਅਨੁਸਾਰ ਮੋਗਾ ਵਿੱਚ ਕਰੀਬ ਇਕ ਹਜ਼ਾਰ ਏਕੜ ਝੋਨੇ ਦੀ ਫ਼ਸਲ ਪ੍ਰਭਾਵਤ ਹੋਈ ਹੈ, ਜਦੋਂ ਕਿ ਕਪੂਰਥਲਾ ਵਿੱਚ 300 ਏਕੜ ਝੋਨੇ ਨੂੰ ਬਾਰਸ਼ ਨੇ ਮਾਰ ਪਾਈ ਹੈ। ਤਰਨ ਤਾਰਨ ਵਿੱਚ ਵੀ 300 ਏਕੜ ਝੋਨੇ ਦੀ ਫ਼ਸਲ ਬਾਰਸ਼ ਕਾਰਨ ਮਧੋਲੀ ਗਈ।

ਦੱਸਣਯੋਗ ਹੈ ਕਿ ਐਤਕੀਂ ਪੰਜਾਬ ਵਿੱਚ ਨਰਮੇ ਕਪਾਹ ਹੇਠ 3.82 ਲੱਖ ਹੈਕਟੇਅਰ ਰਕਬਾ ਹੈ, ਜਦੋਂ ਕਿ ਪਿਛਲੇ ਸਾਲ 2.82 ਲੱਖ ਹੈਕਟੇਅਰ ਸੀ। ਐਤਕੀਂ ਹੁਣ ਤੱਕ ਪੰਜਾਬ ਵਿੱਚ 21.74 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲੁਆਈ ਹੋ ਚੁੱਕੀ ਹੈ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ ਕਰੀਬ 27 ਲੱਖ ਹੈਕਟੇਅਰ ਰਕਬਾ ਫ਼ਸਲਾਂ ਹੇਠ ਹੈ।