ਭਗਵੰਤ ਮਾਨ ਸਹੁੰ ਚੁੱਕਣ ਤੋਂ ਪਹਿਲਾਂ ਹੀ ਇਨ੍ਹਾਂ ਕਿਸਾਨਾਂ ਨੂੰ ਦੇਣਗੇ 46 ਹਜ਼ਾਰ ਦਾ ਮੁਆਵਜ਼ਾ

ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਹੂੰਝਾ ਫੇਰ ਜਿੱਤ ਤੋਂ ਬਾਅਦ ਕੱਲ੍ਹ ਯਾਨੀ 16 ਮਾਰਚ ਨੂੰ ਭਗਵੰਤ ਮਾਨ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ‘ਚ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕਣ ਜਾ ਰਹੇ ਹਨ। ਇਸ ਸਮਾਗਮ ਲਈ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਜਾਣਕਾਰੀ ਦੇ ਅਨੁਸਾਰ ਇਸ ਸਮਾਗਮ ਲਈ 100 ਏਕੜ ‘ਚ ਪੰਡਾਲ ਲਗਾਇਆ ਜਾ ਰਿਹਾ ਹੈ ਅਤੇ ਲਗਭਗ 2 ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।

ਦੱਸ ਦੇਈਏ ਕਿ ਇਸ ਪ੍ਰੋਗਰਾਮ ਲਈ ਮੁੱਖ ਪੰਡਾਲ ਦੇ ਨਾਲ ਲਗਦੀ 40 ਏਕੜ ਕਣਕ ਵੱਢੀ ਗਈ ਹੈ। ਫਿਲਹਾਲ ਇਹ ਕਣਕ ਕੱਚੀ ਹੈ ਅਤੇ ਸਮੇਂ ਤੋਂ ਪਹਿਲਾਂ ਵੱਢੀ ਗਈ ਹੈ। ਇਸੇ ਲਈ ਭਗਵੰਤ ਮਾਨ ਵੱਲੋਂ ਇਨ੍ਹਾਂ ਕਿਸਾਨਾਂ ਲਈ 46 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਡਾਲ ਨਾਲ ਲੱਗਦੀ ਇਹ 40 ਏਕੜ ਜਗ੍ਹਾ ਸਮਾਗਮ ਦੀ ਪਾਰਕਿੰਗ ਲਈ ਵਰਤੀ ਜਾਣੀ ਹੈ।

ਇਸ ਲਈ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦੇ ਨਾਲ ਲੱਗਦੇ ਖੇਤ ਸਮਾਗਮਾਂ ਅਤੇ ਪਾਰਕਿੰਗ ਲਈ ਕਿਰਾਏ ’ਤੇ ਦਿੱਤੇ ਗਏ ਹਨ। ਦੱਸ ਦੇਈਏ ਕਿ ਇੱਥੇ ਜ਼ਿਆਦਾਤਰ ਕਣਕ ਦੀ ਹਰੀ ਫ਼ਸਲ ਹੁੰਦੀ ਹੈ। ਇਸ ਕਣਕ ਨੂੰ ਵੱਢਣ ਦੇ ਬਦਲੇ ਕਿਸਾਨਾਂ ਨੂੰ 46 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਗੁੱਜਰ ਭਾਈਚਾਰੇ ਦੇ ਲੋਕ ਖੇਤਾਂ ਵਿੱਚ ਖੜ੍ਹੀ ਹਰੀ ਫ਼ਸਲ ਨੂੰ ਕੱਟ ਕੇ ਆਪਣੇ ਪਸ਼ੂਆਂ ਲਈ ਚਾਰੇ ਵਜੋਂ ਵਰਤ ਰਹੇ ਹਨ।

ਇਸ ਸਮਾਗਮ ਉੱਤੇ ਪੰਜਾਬ ਸਰਕਾਰ ਵੱਲੋਂ ਕਾਫੀ ਖਰਚਾ ਕੀਤਾ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਇਸ ਸਮਾਗਮ ’ਤੇ ਕੁੱਲ 2 ਕਰੋੜ 57 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਸਮਾਗਮ ਲਈ ਸ਼ਹੀਦੀ ਸਮਾਰਕ ਦੇ ਪਿੱਛੇ 13 ਏਕੜ ਜ਼ਮੀਨ ‘ਤੇ ਕਰੀਬ 1 ਲੱਖ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੀ ਕੋਈ ਸਰਕਾਰ ਰਾਜ ਭਵਨ ਦੀ ਬਜਾਏ ਕਿਸੇ ਜਨਤਕ ਸਥਾਨ ‘ਤੇ ਸਹੁੰ ਚੁੱਕ ਰਹੀ ਹੈ।

ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ 16 ਮਾਰਚ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਪੁਰਸ਼ਾਂ ਨੂੰ ਵਿਸ਼ੇਸ਼ ਤੌਰ ‘ਤੇ ‘ਬਸੰਤੀ’ (ਪੀਲੀ) ਪੱਗਾਂ ਅਤੇ ਔਰਤਾਂ ਨੂੰ ਪੀਲੇ ‘ਦੁਪੱਟੇ’ ਪਹਿਨਣ ਦੀ ਅਪੀਲ ਕੀਤੀ ਗਈ ਹੈ।

ਭਗਵੰਤ ਮਾਨ ਵੱਲੋਂ ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਇਹ ਵੀ ਕਿਹਾ ਗਿਆ ਹੈ ਕਿ, ‘ਸਿਰਫ ਮੈਂ ਹੀ ਨਹੀਂ, ਪੰਜਾਬ ਦੇ ਤਿੰਨ ਕਰੋੜ ਲੋਕ ਵੀ ਮੇਰੇ ਨਾਲ ਸਹੁੰ ਚੁੱਕਣਗੇ।’ ਅਸੀਂ ਰਲ ਕੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਅਤੇ 16 ਮਾਰਚ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਲਾਗੂ ਕਰਾਂਗੇ। ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ, ‘ਮੈਂ ਸਿਰਫ਼ ਮੁੱਖ ਮੰਤਰੀ ਨਹੀਂ ਬਣਿਆ। ਤੁਸੀਂ ਸਾਰੇ ਮੁੱਖ ਮੰਤਰੀ ਬਣ ਗਏ ਹੋ। ਹੁਣ ਤੁਹਾਡੀ ਆਪਣੀ ਸਰਕਾਰ ਹੋਵੇਗੀ।