ਬਾਸਮਤੀ ਦੇ ਭਾਅ ਇਕ ਵਾਰ ਫੇਰ ਡਿੱਗੇ ਮੂਧੇ ਮੂੰਹ

June 21, 2017

ਇਸ ਵਾਰ ਪਿਛਲੇ ਸਾਲ ਦੀ ਤਰਾਂ ਚੰਗੇ ਭਾਅ ਦੀ ਉਮੀਦ ਵਿੱਚ ਬਹੁਤ ਸਾਰੇ ਕਿਸਾਨ ਪੰਜਾਬ ਵਿੱਚ ਬਾਸਮਤੀ ਦੀ ਕਾਸ਼ਤ ਕਰਨ ਦੀ ਤਿਆਰੀ ਕਰ ਰਹੇ ਹਨ | ਉਹਨਾਂ ਕਿਸਾਨਾਂ ਵਾਸਤੇ ਫਿਲਹਾਲ ਬੁਰੀ ਖ਼ਬਰ ਹੈ ਕਿਓਂਕਿ ਬਾਸਮਤੀ ਦੀਆਂ ਕੀਮਤਾਂ ‘ਚ ਮੰਦਾ ਆ ਗਿਆ | ਤਰਾਈ ਦੇ ਇਲਾਕੇ ‘ਚ ਹਰਿਆਣਾ ਦੀਆਂ ਮੰਡੀਆਂ ‘ਚ ਪੂਸਾ ਬਾਸਮਤੀ 1509 ਦੀ ਨਵੀਂ ਉਪਜ 2000 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ |

ਤਰਾਈ ਦੇ ਉੱਤਰ ਪ੍ਰਦੇਸ਼ ਦੇ ਇਲਾਕੇ ਦੀਆਂ ਮੰਡੀਆਂ ‘ਚ ਇਸ ਦਾ ਭਾਅ 1800-1850 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ | ਖੇਤੀ ਮਾਹਿਰਾਂ ਵੱਲੋਂ ਇਸ ਕਿਸਮ ਦੀ ਲੁਆਈ ਵੀ ਅਖੀਰ ਜੁਲਾਈ ‘ਚ ਕਰਨ ਦੀ ਸਿਫਾਰਸ਼ ਕੀਤੀ ਗਈ ਹੈ |

ਪ੍ਰੰਤੂ ਕਿਸਾਨ ਕਈ ਥਾਵਾਂ ‘ਤੇ ਇਸ ਨੂੰ ਅਗੇਤਾ ਲਗਾ ਲੈਂਦੇ ਹਨ, ਜਿਸ ਉਪਰੰਤ ਇਸ ਵਿਚ ਬਾਸਮਤੀ ਦੀ ਗੁਣਵੱਤਾ ਨਹੀਂ ਆਉਂਦੀ | ਇਹ ਥੋੜ੍ਹੇ ਸਮੇਂ ‘ਚ ਪੱਕਣ ਵਾਲੀ ਕਿਸਮ ਹੈ, ਜੋ 115-120 ਦਿਨ ਵਿਚ ਤਿਆਰ ਹੋ ਜਾਂਦੀ ਹੈ |

ਇਸ ਦੇ ਨਾਲ ਹੀ ਪੀ.ਬੀ.-1121 ਜੋ ਆਮ ਕਿਸਾਨਾਂ ਦੀ ਪਸੰਦ ਹੈ ਅਤੇ ਖਾੜੀ ਦੇ ਮੁਲਕਾਂ ‘ਚ ਬਰਾਮਦ ਕੀਤੀ ਜਾ ਰਹੀ ਹੈ, ਉਸ ਦਾ ਭਾਅ ਵੀ 3400-3500 ਰੁਪਏ ਪ੍ਰਤੀ ਕੁਇੰਟਲ ਤੋਂ ਡਿੱਗ ਕੇ 2500 ਰੁਪਏ ‘ਤੇ ਆ ਗਿਆ |

ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀ ਵਿਜੇ ਸੇਤੀਆ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ ‘ਚ ਆਮ ਤੌਰ ‘ਤੇ ਮੰਦਾ ਆ ਜਾਂਦਾ ਹੈ ਅਤੇ ਭਾਅ ਘੱਟ ਜਾਂਦੇ ਹਨ ਅਤੇ ਈਰਾਨ ਵੱਲੋਂ 20 ਜੁਲਾਈ ਤੋਂ ਬਾਅਦ ਉਥੋਂ ਦੀ ਸਥਾਨਕ ਪੈਦਾਵਾਰ ਦੀ ਵਿਕਰੀ ਨੂੰ ਸੁਰੱਖਿਅਤ ਕਰਨ ਲਈ ਕੁਝ ਸਮੇਂ ਲਈ ਬਾਸਮਤੀ ਦਰਾਮਦ ਨਹੀਂ ਕੀਤੀ ਜਾਂਦੀ, ਜਿਸ ਦਾ ਪ੍ਰਭਾਵ ਭਾਰਤ ਦੀ ਬਾਸਮਤੀ ‘ਤੇ ਪੈਂਦਾ ਹੈ, ਕਿਉਂਕਿ ਈਰਾਨ ਭਾਰਤ ਦੀ ਬਾਸਮਤੀ ਦਾ ਸਭ ਤੋਂ ਵੱਡਾ ਖਰੀਦਦਾਰ ਹੈ |

ਇਸ ਸਬੰਧੀ ਭਾਰਤੀ ਖੇਤੀ ਖੋਜ ਸੰਸਥਾਨ ਦੇ ਜੈਨੇਟੀਕਸ ਡਵੀਜ਼ਨ ਦੇ ਮੁਖੀ ਤੇ ਦੇਸ਼ ਦੇ ਬਾਸਮਤੀ ਦੇ ਨਾਮਵਰ ਬਰੀਡਰ ਡਾ: ਅਸ਼ੋਕ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਪੀ.ਬੀ.-1121 ਦਾ 3400-3500 ਰੁਪਏ ਦਾ ਭਾਅ ਆਰਜ਼ੀ ਸੀ, ਜੋ ਵਪਾਰੀਆਂ ਤੇ ਐਕਸਪੋਰਟਰਾਂ ਨੇ ਸਵੈ ਹੀ ਕਰ ਦਿੱਤਾ, ਤਾਂ ਜੋ ਕਿਸਾਨ ਵਿਸ਼ਾਲ ਰਕਬੇ ‘ਤੇ ਇਸ ਦੀ ਪੈਦਾਵਾਰ ਕਰਨ ਲਈ ਉਤਸ਼ਾਹਿਤ ਹੋਣ ਅਤੇ ਵਪਾਰੀਆਂ ਨੂੰ ਵੱਡੀ ਮਾਤਰਾ ‘ਚ ਪੈਦਾਵਾਰ ਹੋਣ ਕਾਰਨ ਸੀਜ਼ਨ ਦੇ ਦੌਰਾਨ ਸਸਤੇ ਭਾਅ ਬਾਸਮਤੀ ਮਿਲ ਸਕੇ |