1509 ਤੋਂ ਬਾਅਦ ਹੁਣ ਏਨੀ ਘੱਟ ਕੀਮਤ ਤੇ ਵਿਕ ਰਹੀ ਹੈ ਬਾਸਮਤੀ 1121

ਇਸ ਵਾਰ ਬਾਸਮਤੀ ਲਗਾਉਣ ਵਾਲੀ ਕਿਸਾਨਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਖੇਤੀ ਆਰਡੀਨੈਂਸ ਵਰਗੇ ਕਾਲੇ ਕਾਨੂੰਨ ਅਜੇ ਪਾਸ ਵੀ ਨਹੀਂ ਹੋਏ ਪਰ ਵਪਾਰੀਆਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ | ਹਾਲਤ ਇਹ ਹਨ ਕੇ ਪੂਸਾ ਬਾਸਮਤੀ 1509 ਕਿਸਮ ਦੀ ਫ਼ਸਲ ਮੰਡੀਆਂ ‘ਚ 1800 ਤੋਂ 1900 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ |

ਜਦੋਂ ਕੇ ਝੋਨੇ ਦੀ ਐਮ.ਐਸ.ਪੀ. 1880 ਰੁਪਏ ਪ੍ਰਤੀ ਕੁਇੰਟਲ ਕੇਂਦਰ ਸਰਕਾਰ ਵਲੋਂ ਨਿਰਧਾਰਿਤ ਕੀਤੀ ਗਈ ਹੈ | ਪਿਛਲੇ ਸਾਲਾਂ ਵਿੱਚ ਬਾਸਮਤੀ ਦਾ ਘਟੋ ਘੱਟ ਰੇਟ 2500 ਰੁਪਏ ਪ੍ਰਤੀ ਕੁਇੰਟਲ ਹੁੰਦਾ ਸੀ | ਪੰਜਾਬ ਸਰਕਾਰ ਨੇ ਪਾਣੀ ਦੀ ਬੱਚਤ ਅਤੇ ਪ੍ਰਦੂਸ਼ਣ ਰੋਕਣ ਪੱਖੋਂ ਬਾਸਮਤੀ ਦੀ ਕਾਸ਼ਤ ‘ਤੇ ਜ਼ੋਰ ਦਿੱਤਾ ਸੀ ਪਰ ਹੁਣ ਸਰਕਾਰ ਕਿਸਾਨਾਂ ਦਾ ਹੱਥ ਨਹੀਂ ਫੜ ਰਹੀ |

ਸਿਰਫ ਬਾਸਮਤੀ 1509 ਕਿਸਮ ਹੀ ਨਹੀਂ ਬਲਕਿ ਹੁਣ ਤਾਂ ਬਾਸਮਤੀ ਦੀ ਸਭ ਤੋਂ ਚੰਗੀ ਕੁਆਲਟੀ ਦੀ ਬਾਸਮਤੀ ਮੰਨੀ ਜਾਣ ਵਾਲੀ ਕਿਸਮ ਵੀ ਹੁਣ ਕਰਨਾਲ ਤੇ ਤਰੌੜੀ ਮੰਡੀਆਂ ‘ਚ ਉੱਤਰ ਪ੍ਰਦੇਸ਼ ਤੋਂ ਆ ਕੇ ਵੀ ਬਾਸਮਤੀ ਦੀ ਪੂਸਾ 1121 ਕਿਸਮ 1800 ਤੋਂ 2000 ਰੁਪਏ ਦੇ ਦਰਮਿਆਨ ਵਿਕ ਰਹੀ ਹੈ, ਕਿਉਂਕਿ ਉੱਤਰ ਪ੍ਰਦੇਸ਼ ‘ਚ ਝੋਨੇ ਦੀ ਸਰਕਾਰੀ ਖ਼ਰੀਦ ਮੁਕੰਮਲ ਤੌਰ ‘ਤੇ ਨਹੀਂ ਹੁੰਦੀ | ਉੱਥੋਂ ਦੇ ਉਤਪਾਦਕਾਂ ਨੂੰ ਇਹ ਭਾਅ ਵੀ ਵਾਰਾ ਖਾਂਦਾ ਹੋਵੇਗਾ | ਪਰ ਰਾਜ ਪੁਰਸਕਾਰ ਪ੍ਰਾਪਤ ਰਾਜਮੋਹਨ ਸਿੰਘ ਕਾਲੇਕਾ ਕਹਿੰਦਾ ਹੈ ਕਿ ਪੰਜਾਬ ਦੇ ਉਤਪਾਦਕਾਂ ਦਾ ਸ਼ੋਸ਼ਣ ਹੋ ਰਿਹਾ ਹੈ |

ਵਪਾਰੀ ਸਸਤੇ ਭਾਅ ਲੈ ਕੇ ਇਸ ਦਾ ਭੰਡਾਰ ਕਰ ਰਹੇ ਹਨ ਅਤੇ ਜਦੋਂ ਸੀਜ਼ਨ ਆਵੇਗਾ ਤਾਂ 2800 ਤੋਂ 3000 ਰੁਪਏ ਦਾ ਭਾਅ ਹੋਵੇਗਾ ਅਤੇ ਉਹ ਸਾਰੀ ਕਮਾਈ ਕਰ ਜਾਣਗੇ | ਇਸ ਕਿਸਮ ਦੇ ਬਰੀਡਰ ਡਾ. ਅਸ਼ੋਕ ਕੁਮਾਰ ਸਿੰਘ ਡਾਇਰੈਕਟਰ ਆਈ.ਸੀ.ਏ.ਆਰ. (ਭਾਰਤੀ ਖੇਤੀ ਖੋਜ ਸੰਸਥਾਨ) ਨੇ ਕਿਹਾ ਕਿ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਰਹੀ ਹੈ ਕਿ ਇਸ ਕਿਸਮ ਨੂੰ ਅਗੇਤੀ ਨਾ ਲਗਾਉਣ |

ਇਹ ਕਿਸਮ ਪਿਛੇਤੀ ਅਖੀਰ ਜੁਲਾਈ ‘ਚ ਲਗਾਉਣ ਲਈ ਹੈ, ਜਦੋਂ ਮੌਨਸੂਨ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਬਾਰਿਸ਼ਾਂ ਦੇ ਪਾਣੀ ਨਾਲ ਹੀ ਪੱਕ ਜਾਂਦੀ ਹੈ | ਸ. ਕਾਲੇਕਾ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਲਈ ਅੱਗੇ ਆਵੇ ਅਤੇ ਮਾਰਕਫੈੱਡ ਜਾਂ ਪੰਜਾਬ ਐਗਰੋ ਰਾਹੀਂ ਕਿਸਾਨਾਂ ਨੂੰ ਯੋਗ ਭਾਅ ਦਿਵਾਉਣ ‘ਚ ਉਨ੍ਹਾਂ ਦੀ ਸਹਾਇਤਾ ਕਰੇ |