ਜਾਣੋ ਕਿਵੇਂ ਕਿਸਾਨ ਨੇ 18 ਕਿੱਲੇ ਬੰਜਰ ਜਮੀਨ ਤੋਂ ਬਣਾਈ 74 ਕਿੱਲੇ ਵਾਹੀਯੋਗ ਜ਼ਮੀਨ

ਕਹਿੰਦੇ ਹੁੰਦੇ ਹਨ ਕਿ ਜੇ ਕਿਸੇ ਦੀ ਕਿਸਮਤ ਚੰਗੀ ਹੋਵੇ ਤਾਂ ਉਹ ਤਰੱਕੀਆਂ ਦੇ ਸ਼ਿਖਰਾਂ ਤੱਕ ਪਹੁੰਚ ਜਾਂਦਾ ਹੈ ਪਰ ਜੇਕਰ ਕਿਸਮਤ ਦੇ ਨਾਲ ਕੋਈ ਮੇਹਨਤ ਵੀ ਕਰੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਅਜੇਹੀ ਹੀ ਇਕ ਕਹਾਣੀ ਹੈ ਕਪੂਰਥਲਾ ਜ਼ਿਲ੍ਹੇ ਦੇ ਬਲਾਕ ਢਿੱਲਵਾਂ ਵਿੱਚ ਵੱਸਦੇ ਪਿੰਡ ਭੁੱਲਰ ਬੇਟ ਦੇ ਸੁਖਦੇਵ ਸਿੰਘ ਭੁੱਲਰ ਇਲਾਕ ਵਿੱਚ ਇੱਕ ਅਗਾਂਹਵਧੂ ਕਿਸਾਨ ਵਜੋਂ ਜਾਣੇ ਜਾਂਦੇ ਹਨ।

ਉਨ੍ਹਾਂ ਨੂੰ ਵਿਰਾਸਤ ਵਿੱਚ 18 ਕਿੱਲੇ ਬੰਜਰ ਅਤੇ ਕਲਰਾਠੀ ਜ਼ਮੀਨ ਮਿਲੀ ਸੀ, ਜਿਸ ਨੂੰ ਉਨ੍ਹਾਂ ਨੇ ਜਿਪਸਮ ਪਾ ਕੇ ਕਾਸ਼ਤ ਦੇ ਯੋਗ ਬਣਾਇਆ। ਸਿੰਚਾਈ ਵਾਸਤੇ ਦੋ ਮੋਟਰਾਂ ਲਗਵਾਈਆਂ ਅਤੇ ਕਣਕ- ਝੋਨੇ ਦਾ ਫਸਲੀ ਚੱਕਰ ਅਪਣਾਇਆ।

ਪਹਿਲਾਂ ਪਹਿਲ ਉਨ੍ਹਾਂ ਨੇ ਕਿਰਾਏ ਦੇ ਟਰੈਕਟਰ ਨਾਲ ਜ਼ਮੀਨ ਦੀ ਵਹਾਈ ਸ਼ੁਰੂ ਕੀਤੀ ਅਤੇ 1979 ਵਿੱਚ ਬੁੱਟਰ ਸਿਵੀਆਂ ਵਿਖੇ ਗੰਨਾ ਮਿੱਲ ਦੀ ਸਥਾਪਨਾ ਹੋਣ ਦੇ ਨਾਲ ਕਮਾਦ ਦੀ ਕਾਸ਼ਤ ਸ਼ੁਰੂ ਕਰ ਦਿੱਤੀ। ਜ਼ਮੀਨ ਉਪਜਾਊ ਬਣਨ ਕਰਕੇ ਉਨ੍ਹਾਂ ਨੇ ਵੱਧ ਆਮਦਨ ਦੇਣ ਵਾਲੀਆਂ ਬਦਲਵੀਆਂ ਫਸਲਾਂ ਗੰਨਾ, ਆਲੂ, ਸਰੋਂ, ਬਰਸੀਮ, ਮੱਕੀ ਨੂੰ ਵੀ ਅਪਣਾ ਲਿਆ।ਇਸ ਦੌਰਾਨ ਉਨ੍ਹਾਂ ਨੇ ਜਿਪਸਮ ਵੇਚਣ ਦੀ ਦੁਕਾਨ ਲੈ ਲਈ ਅਤੇ ਅਤੇ ਆਮਦਨ ਵਿੱਚ ਵਾਧਾ ਕੀਤਾ। ਆਮਦਨ ਵਧਣ ਕਰਕੇ ਹੋਰ ਜ਼ਮੀਨ ਖਰੀਦੀ ਤੇ ਹੁਣ ਉਨ੍ਹਾਂ ਕੋਲ 74 ਏਕੜ ਵਾਹੀਯੋਗ ਜ਼ਮੀਨ ਹੈ। ਹੁਣ ਉਹ ਬਾਸਮਤੀ, ਮੂੰਗੀ, ਜਵੀਂ ਅਤੇ ਗੇਂਦਾ ਬੀਜ ਕੇ ਫਸਲੀ ਵਿਭਿੰਨਤਾ ਨੂੰ ਹੁੰਗਾਰਾ ਦੇ ਰਹੇ ਹਨ।

ਹੁਣ ਉਨ੍ਹਾਂ ਨੂੰ ਕਣਕ, ਝੋਨਾ, ਬਾਸਮਤੀ, ਮੱਕੀ, ਜਵੀ, ਹਲਦੀ ਅਤੇ ਗੇਂਦੇ ਦੀ ਕਾਸ਼ਤ ਤੋਂ ਕ੍ਰਮਵਾਰ ਤਕਰੀਬਨ 30,000 ਰੁਪਏ, 40,000 ਰੁਪਏ, 27,000 ਰੁਪਏ, 40,000 ਰੁਪਏ 20,000 ਰੁਪਏ, 2,40,000 ਰੁਪਏ ਅਤੇ 30,000 ਰੁਪਏ ਸਲਾਨਾ ਆਮਦਨ ਪ੍ਰਤੀ ਏਕੜ ਹੋ ਜਾਂਦੀ ਹੈ। ਉਨ੍ਹਾਂ ਨੇ ਅਨਾਰ, ਅਮਰੂਦ, ਚੀਕੂ, ਬੇਰ, ਅੰਬ, ਨਾਸ਼ਪਤੀ, ਜਾਮਣ ਅਤੇ ਆੜੂ ਦੇ ਫਲਦਾਰ ਰੁੱਖ ਵੀ ਲਗਾਏ ਹੋਏ ਹਨ।

ਖੇਤੀ ਤੋਂ ਇਲਾਵਾ ਉਹ ਉਹਨਾਂ ਨੇ ਦੁਧਾਰੂ ਪਸ਼ੂਆਂ ਵਿੱਚ ਮੱਝਾਂ (ਮੂਰਾ ਨਸਲ ਦੀਆਂ) ਅਤੇ ਵਲੈਤੀ ਗਾਵਾਂ ਵੀ ਰੱਖੀਆਂ ਹੋਈਆਂ ਹਨ। ਪਿੰਡ ਭੰਡਾਲ ਬੇਟ ਵਿੱਚ ਉਨ੍ਹਾਂ ਨੇ ਆੜ੍ਹਤ ਦੀ ਦੁਕਾਨ ਖੋਲ੍ਹ ਲਈ ਹੈ।ਉਨ੍ਹਾਂ ਨੇ ਸਿੰਚਾਈ ਵਾਲੀਆਂ ਪਾਈਪਾਂ ਜ਼ਮੀਨ ਹੇਠ ਪਾਈਆਂ ਹੋਈਆਂ ਹਨ। ਉਨ੍ਹਾਂ ਕੋਲ ਖੇਤੀ ਮਸ਼ੀਨਰੀ ਵਿੱਚ ਰੋਟਾਵੇਟਰ, 55 ਐਚਪੀ ਟਰੈਕਟਰ-ਟਰਾਲੀ, ਉਲਟਾਵਾਂ ਹਲ, ਜਿੰਦਰਾ, ਲੇਜਰ ਸੁਹਾਗਾ, ਸਪਰੇਅ ਪੰਪ ਆਦਿ ਹਨ।

ਜੇਕਰ ਮਸ਼ੀਨਰੀ ਦੀ ਆਪ ਲੋੜ ਨਾ ਹੋਵੇ ਤਾਂ ਜ਼ਰੂਰਤਮੰਦ ਕਿਸਾਨਾਂ ਨੂੰ ਉਹ ਕਿਰਾਏ ਤੇ ਦੇ ਦਿੰਦੇ ਹਨ। ਜੇਕਰ ਖੇਤੀ ਉਪਜ ਦਾ ਮੁੱਲ ਬਜ਼ਾਰ ਵਿੱਚ ਮੰਦਾ ਹੋਵੇ ਤਾਂ ਉਹ ਆਪਣੀ ਉਪਜ ਜਿਵੇਂ ਮੱਕੀ ਅਤੇ ਬਾਸਮਤੀ ਆਦਿ ਨੂੰ 60 ਫੁੱਟ x 55 ਫੁੱਟ ਦੇ ਸਟੋਰ ਵਿੱਚ ਸਾਂਭ ਲੈਂਦੇ ਅਤੇ ਵਧੀਆ ਭਾਅ ਮਿਲਣ ’ਤੇ ਵੇਚ ਦਿੰਦੇ ਹਨ।

ਇਸ ਕਹਾਣੀ ਦਾ ਸਾਰ ਇਹ ਹੋਇਆ ਕਿ ਇਸ ਕਿਸਾਨ ਦੇ ਸਫਲ ਹੋਣ ਵਿੱਚ ਕਿਸਾਨ ਦੀ ਅਗਾਂਹਵਧੂ ਸੋਚ ਨੇ ਬਹੁਤ ਯੋਗਦਾਨ ਪਾਇਆ ।ਇਸ ਕਿਸਾਨ ਨੇ ਮੇਹਨਤ ਦੇ ਨਾਲ ਨਵੇਂ ਨਵੇਂ ਤਜ਼ੁਰਬੇ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ।ਹਰ ਛੋਟੀ ਵੱਡੀ ਗੱਲ ਵਿੱਚ ਖੇਤੀਬਾੜੀ ਮਾਹਿਰਾਂ ਦੀ ਰਾਏ ਲਈ ਅਤੇ ਅੱਜ ਇਸ ਮੁਕਾਮ ਉੱਤੇ ਪਹੁੰਚ ਗਏ ।ਨੌਜਵਾਨ ਕਿਸਾਨ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ ।