ਆਵਾਰਾ ਪਸ਼ੂਆਂ ਨੂੰ ਖੇਤਾਂ ਤੋਂ ਦੂਰ ਰੱਖਣ ਵਾਲੇ ਇਸ ਤਰ੍ਹਾਂ ਕਰ ਰਹੇ ਹਨ ਕਿਸਾਨਾਂ ਦੀ ਲੁੱਟ

ਆਵਾਰਾ ਪਸ਼ੂ ਕਿਸਾਨਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ | ਆਵਾਰਾ ਪਸ਼ੂ ਜੋ ਦਿਨ ਵੇਲੇ ਪਿੰਡ ਅਤੇ ਸ਼ਹਿਰਾਂ ਦੀਆਂ ਸੜਕਾਂ ‘ਤੇ ਘੁੰਮਦੇ ਦੇਖੇ ਜਾਂਦੇ ਹਨ ਰਾਤ ਪੈਂਦਿਆਂ ਹੀ ਆਪਣਾ ਮੂੰਹ ਖੇਤਾਂ ਵੱਲ ਕਰ ਲੈਂਦੇ ਹਨ ਜਿੱਥੇ ਇਹ ਕਣਕ ਦੀ ਫ਼ਸਲ ਦਾ ਉਜਾੜਾ ਕਰ ਰਹੇ ਹਨ | ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਕਹਿਣਾ ਹੈ ਕਿ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜੋ ਅੱਜ ਕੱਲ੍ਹ ਕਿਸਾਨਾਂ ਦੀ ਫ਼ਸਲ ਦਾ ਖ਼ੂਬ ਉਜਾੜਾ ਕਰ ਰਹੇ ਹਨ|

ਜਿਸ ਕਾਰਨ ਕਿਸਾਨਾਂ ਨੂੰ ਪੋਹ ਦੀਆਂ ਠੰਢੀਆਂ ਰਾਤਾਂ ਖੇਤਾਂ ‘ਚ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ|  ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿਚ ਨੀਲ ਗਾਈਆਂ ਜਿਨ੍ਹਾਂ ਨੂੰ ਰੋਜ਼ ਵੀ ਕਿਹਾ ਜਾਂਦਾ ਹੈ, ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ | ਇਹ ਦਿਨ-ਰਾਤ ਖੇਤਾਂ ਵਿਚ ਲਿਤਾੜਾ ਪਾਉਂਦੇ ਹਨ | ਕੁਝ ਕਿਸਾਨ ਫ਼ਸਲਾਂ ਦੇ ਬਚਾਅ ਲਈ ਕੰਡੇਦਾਰ ਤਾਰ ਦੀ ਵਾੜ ਵੀ ਕਰਦੇ ਹਨ ਜਿਸ ਉੱਪਰ ਇਕ ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚ ਆਉਂਦਾ ਹੈ ਜੋ ਦੋ ਸਾਲ ਵਿਚ ਹੀ ਕੰਡਮ ਹੋ ਜਾਂਦੀ ਹੈ |

ਕਿਸਾਨ ਆਗੂ ਨੇ ਦੱਸਿਆ ਕਿ ਪਿੰਡਾਂ ਵਿਚ ਗੰਭੀਰ ਹੋਈ ਇਸ ਸਮੱਸਿਆ ਦਾ ਫ਼ਾਇਦਾ ਉਠਾਉਂਦਿਆਂ ਕੁਝ ਲੋਕਾਂ ਨੇ ਨਵੀਂ ਕਿਸਮ ਦਾ ਧੰਦਾ ਤੋਰ ਲਿਆ ਹੈ ਉਹ ਕਿਸਾਨਾਂ ਤੋਂ ਉਗਰਾਹੀ ਕਰਦੇ ਹਨ ਕਿ ਤੁਹਾਡੇ ਪਿੰਡ ਦੇ ਸਾਰੇ ਆਵਾਰਾ ਪਸ਼ੂ ਉਹ ਫੜ ਕੇ ਲੈ ਜਾਣਗੇ | ਮੋਟੀ ਉਗਰਾਹੀ ਕਰ ਕੇ ਉਹ ਟਰੱਕ ਭਰ ਕੇ ਆਵਾਰਾ ਪਸ਼ੂਆਂ ਨੂੰ ਲੈ ਜਾਂਦੇ ਹਨ ਜਿਨ੍ਹਾਂ ਨੂੰ ਦੂਜੇ ਪਿੰਡ ਦੇ ਨੇੜੇ ਛੱਡ ਦਿੰਦੇ ਹਨ ਅਤੇ ਫਿਰ ਉਸ ਪਿੰਡ ਵਿਚੋਂ ਉਗਰਾਹੀ ਕਰਨ ਚਲੇ ਜਾਂਦੇ ਹਨ |

ਇਸ ਤਰ੍ਹਾਂ ਕਿਸਾਨਾਂ ਦੀ ਸਮੱਸਿਆ ਤੋਂ ਨਾਜਾਇਜ਼ ਫ਼ਾਇਦਾ ਉਠਾਉਂਦਿਆਂ ਉਹ ਇਹ ਗੋਰਖਧੰਦਾ ਚਲਾ ਰਹੇ ਹਨ | ਪੈਦਾ ਹੋਈ ਇਸ ਸਮੱਸਿਆ ਤੋਂ ਚਿੰਤਤ ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਰਾਜਪਾਲ ਸਿੰਘ ਮੰਗਵਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਵਾਰਾ ਪਸ਼ੂਆਂ ਦਾ ਹੱਲ ਕੀਤਾ ਜਾਵੇ ਤਾਂ ਜੋ ਕਿਸਾਨ ਵੀ ਹੋਰ ਦੇਸ਼ ਵਾਸੀਆਂ ਵਾਂਗ ਚੈਨ ਦੀ ਨੀਂਦ ਸੌ ਸਕਣ |