ਜੇਕਰ ਇਹੀ ਹਾਲਾਤ ਰਹੇ ਤਾਂ ਸ਼ਾਇਦ ਐਤਕੀਂ ਵੀ ਸਟੋਰਾਂ ਵਿੱਚ ਹੀ ਸੜਨਗੇ ਆਲੂ

November 8, 2017

ਮੋਦੀ ਸਰਕਾਰ ਕਿਸਾਨਾਂ ਦੇ ਮਾਯੂਸ ਚਿਹਰਿਆਂ ਦੇ ਬਾਵਜੂਦ ਨੋਟਬੰਦੀ ਦੀ ਵਰ੍ਹੇਗੰਢ ਮੌਕੇ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੀ ਹੈ। ਉੱਥੇ ਹੀ ਕਿਸਾਨ ਅੱਜ ਵੀ ਉਸ ਘੜੀ ਨੂੰ ਕੋਸ ਰਹੇ ਹਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 8 ਨਵੰਬਰ ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ। ਨੋਟਬੰਦੀ ਦੇ ਐਲਾਨ ਤੋਂ ਬਾਅਦ ਬਾਹਰਲੇ ਰਾਜਾਂ ’ਚ ਆਲੂ ਦਾ ਬੀਜ ਵੇਚਣ ਗਏ ਟਰੱਕ ਖੜ੍ਹੇ ਰਹਿ ਗਏ ਸਨ ਤੇ ਕਿਸਾਨਾਂ ਨੂੰ ਮਜਬੂਰਨ ਬੀਜ ਢੇਰੀ ਕਰ ਕੇ ਵਾਪਸ ਮੁੜਨਾ ਪਿਆ ਸੀ।

ਉਸ ਦਿਨ ਤੋਂ ਬਾਅਦ ਆਲੂ ਉਤਪਾਦਕਾਂ ਦੇ ਚਿਹਰਿਆਂ ’ਤੇ ਅੱਜ ਤੱਕ ਮੁਸਕਰਾਹਟ ਨਹੀਂ ਆ ਸਕੀ ਹੈ। ਕਿਸਾਨਾਂ ਦਾ ਆਲੂ ਅੱਜ ਵੀ ਸਟੋਰਾਂ ’ਚ ਪਿਆ ਹੈ। ਕਿਸਾਨ, ਵਪਾਰੀਆਂ ਦੀ ਅੱਡੀਆਂ ਚੁੱਕ ਕੇ ਉਡੀਕ ਕਰ ਰਹੇ ਹਨ। ਔਸਤਨ ਹਾਲੇ ਤੱਕ ਸਟੋਰਾਂ ’ਚ 60 ਫੀਸਦੀ ਤੋਂ ਵੱਧ ਪੁਰਾਣੀ ਫਸਲ ਆਲੂ ਦੀ ਪਈ ਹੈ, ਜੋ ਹੁਣ ਤੱਕ ਵਿਕ ਜਾਣੀ ਚਾਹੀਦੀ ਸੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਪਟੈਟੋ ਗਰੋਅਰਜ਼ ਐਸੋਸੀਏਸ਼ਨ ਦੇ ਜਗਤ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 450 ਰੁਪਏ ਪ੍ਰਤੀ ਕੁਇੰਟਲ ਆਲੂ ਦੀ ਕਾਸ਼ਤ ਦਾ ਖਰਚਾ ਆਉਂਦਾ ਹੈ ਅਤੇ 100 ਰੁਪਏ ਪ੍ਰਤੀ ਬੋਰੀ ਹੁਣ ਤੱਕ ਸਟੋਰ ਦਾ ਕਿਰਾਇਆ ਬਣਦਾ ਹੈ। ਇਸ ਤੋਂ ਇਲਾਵਾ 25 ਰੁਪਏ ਖਰਚਾ ਬਾਰਦਾਨੇ ਦਾ ਖਰਚਾ ਹੈ ਜੋ ਕੁੱਲ ਮਿਲਾ ਕੇ 575 ਤੱਕ ਪਹੁੰਚ ਜਾਂਦਾ ਹੈ ਪਰ ਨੋਟਬੰਦੀ ਦੇ ਮਾੜੇ ਪ੍ਰਭਾਵ ਕਾਰਨ ਹਾਲੇ ਤੱਕ ਆਲੂ 100 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ।

ਉਨ੍ਹਾਂ ਕਿਹਾ ਕਿ ਔਸਤਨ 60 ਫੀਸਦੀ ਤੋਂ ਵੱਧ ਆਲੂ ਸਟੋਰਾਂ ’ਚ ਹੀ ਪਿਆ ਹੈ ਜਦਕਿ ਜੋ ਆਲੂ ਵਿਕਿਆ ਹੈ ਉਹ ਬਿਲਕੁਲ ਘੱਟ ਭਾਅ ’ਤੇ ਵਿਕਿਆ ਹੈ ਜਿਸ ਨਾਲ ਕਿਸਾਨਾਂ ਦਾ ਖਰਚਾ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਟੈਟੋ ਗਰੋਅਰਜ਼ ਐਸੋਸੀਏਸ਼ਨ ਨੇ ਬੈਂਕਾਂ ਨੂੰ ਮਿਲ ਕੇ 6 ਮਹੀਨੇ ਦੇ ਕਰਜ਼ੇ ਦਾ ਵਿਆਜ ਮੁਆਫ ਕਰਨ ਤੇ ਬਾਕੀ ਕਰਜ਼ਾ ਮੋੜਨ ਲਈ ਇਕ ਸਾਲ ਦੀ ਮੋਹਲਤ ਮੰਗੀ ਸੀ ਪਰ ਕਿਸੇ ਬੈਂਕ ਨੇ ਕੋਈ ਹੁੰਗਾਰਾ ਨਹੀਂ ਭਰਿਆ।

ਉਧਰ, ਕਿਸਾਨ ਸੁਲੱਖਣ ਸਿੰਘ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਆਲੂ ਦਾ ਭਾਅ ਮਿਲਣ ਦੀ ਕੋਈ ਉਮੀਦ ਨਹੀਂ ਹੈ ਅਤੇ ਸਟੋਰ ਖਾਲੀ ਕਰਨ ਲਈ ਉਨ੍ਹਾਂ ਨੂੰ ਸੜਕਾਂ ’ਤੇ ਆਲੂ ਢੇਰੀ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਭਾਅ ਨਾ ਬਣਨ ਕਾਰਨ 5 ਹਜ਼ਾਰ ਬੋਰੀ ਉਨ੍ਹਾਂ ਸਟੋਰ ’ਚ ਰੱਖੀ ਸੀ ਜਿਸ ਦਾ ਹੁਣ ਕਿਰਾਇਆ ਵੀ ਪੂਰਾ ਨਹੀਂ ਹੋ ਰਿਹਾ ਹੈ। ਉਧਰ ਕਿਸਾਨਾਂ ਨਾਲ ਕੋਲਡ ਸਟੋਰ ਮਾਲਕ ਵੀ ਸਹਿਮੇ ਹੋਏ ਹਨ।

ਕੋਲਡ ਸਟੋਰ ਮਾਲਕਾਂ ਨੂੰ ਫਿਕਰ ਪਿਆ ਹੈ ਕਿ ਜੇਕਰ ਕਿਸਾਨਾਂ ਨੂੰ ਆਲੂ ਦੇ ਗਾਹਕ ਨਾ ਮਿਲੇ ਤਾਂ ਕਿਸਾਨ ਸਟੋਰ ’ਚੋਂ ਆਲੂ ਚੁੱਕਣ ਹੀ ਨਹੀਂ ਆਉਣਗੇ ਜਿਸ ਕਾਰਨ ਉਨ੍ਹਾਂ ਦਾ ਸਟੋਰ ਦਾ ਖਰਚਾ ਵੀ ਪੂਰਾ ਨਹੀਂ ਹੋਵੇਗਾ। ਇਸੇ ਦੌਰਾਨ ਆਲੂ ਨੋਡਲ ਅਫਸਰ ਪਰਮਜੀਤ ਸਿੰਘ ਅਨੁਸਾਰ ਫਿਲਹਾਲ ਆਦੂ ਬਿਜਾਈ ਚੱਲ ਰਹੀ ਹੈ ਜੋ 15 ਨਵੰਬਰ ਤੱਕ ਪੂਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੱਚੀ ਪੁਟਾਈ ’ਚ ਆਲੂ ਦਾ ਝਾੜ ਘੱਟ ਹੋਇਆ ਤਾਂ ਪੁਰਾਣਾ ਆਲੂ ਨਿਕਲ ਸਕਦਾ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ’ਚ ਜੇਕਰ ਆਲੂ ਦੀ ਮੰਗ ਵਧੀ ਤਾਂ ਕਿਸਾਨਾਂ ਨੂੰ ਰਾਹਤ ਮਿਲ ਸਕਦੀ ਹੈ।