ਜਗਮੋਹਨ ਸਿੰਘ ਜੋ ਇਸ ਨਵੀ ਤਕਨੀਕ ਨਾਲ ਲੈਂਦਾ ਹੈ ਇਕ ਏਕੜ ਵਿਚੋਂ ਆਲੂਆਂ ਦਾ 170 ਕੁਇੰਟਲ ਝਾੜ

ਆਲੂ ਦੀ ਫਸਲ ਦਾ ਵੱਧ ਝਾੜ ਲੈਣ ਵਾਲੀ ਤਕਨੀਕ (ਬੈੱਡ ਪਲਾਂਟੇਸ਼ਨ) ਨੇ ਆਲੂ ਉਤਪਾਦਕਾਂ ਦੇ ਭਾਗ ਖੋਲ੍ਹ ਦਿੱਤੇ ਹਨ। ਕਿਸਾਨਾਂ ਦੇ ਵਾਰੇ ਨਿਆਰੇ ਕਰਨ ਵਾਲੀ ਤਕਨੀਕ ਬਾਰੇ ਗੱਲ ਕਰਦਿਆਂ ਮੋਗਾ ਦੇ ਪਿੰਡ ਜੈ ਸਿੰਘ ਵਾਲਾ ਦੇ ਅਗਾਂਹਵਧੂ ਕਿਸਾਨ ਜਗਮੋਹਨ ਸਿੰਘ ਨੇ ਦੱਸਿਆ ਕਿ ਉਹ ਦੂਜੇ ਕਿਸਾਨਾਂ ਨਾਲੋਂ ਆਲੂ ਦੀ ਫਸਲ ਦਾ ਵੱਧ ਝਾੜ ਲੈ ਰਿਹਾ ਹੈ।

ਇਸ ਤਕਨੀਕ ਬਾਰੇ ਗੱਲ ਕਰਦਿਆਂ ਕਿਸਾਨ ਜਗਮੋਹਨ ਸਿੰਘ ਨੇ ਦੱਸਿਆ ਕਿ 72 ਇੰਚ ਚੌੜੇ ਬੈੱਡ ਉੱਪਰ 5 ਲਾਈਨਾਂ ਆਲੂਆਂ ਦੀਆਂ ਬੀਜਣ ਨਾਲ 182 ਲਾਈਨਾਂ ਪ੍ਰਤੀ ਏਕੜ ਬੀਜਣ ਮਗਰੋਂ ਫ਼ੁਹਾਰਾ ਸਿਸਟਮ ਰਾਹੀਂ ਸਿੰਜਾਈ ਕਰਕੇ 170 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਆਲੂਆਂ ਦਾ ਝਾੜ ਪ੍ਰਾਪਤ ਹੁੰਦਾ ਹੈ।

 

ਕਿਸਾਨ ਦਾ ਕਹਿਣਾ ਹੈ ਕਿ ਪਹਿਲਾਂ ਪੁਰਾਣੇ ਢੰਗ ਮੁਤਾਬਕ 26 ਇੰਚ ਵਿੱਥ ਦੀ ਵੱਟ ‘ਤੇ ਆਲੂਆਂ ਦੀ ਬਿਜਾਈ ਕਰਦਾ ਸੀ ਜਿਸ ਨਾਲ ਇੱਕ ਏਕੜ ਵਿੱਚ ਤਕਰੀਬਨ 100 ਲਾਈਨਾਂ ਲੱਗਦੀਆਂ ਸਨ ਤੇ ਤਕਰੀਬਨ 120 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੁੰਦਾ ਸੀ।

ਉਸ ਮੁਤਾਬਕ ਬੈੱਡ ਪਲਾਂਟੇਸ਼ਨ ਤਕਨੀਕ ਰਾਹੀਂ 36 ਇੰਚ ਚੌੜੇ ਬੈੱਡ ‘ਤੇ 2 ਲਾਈਨਾਂ ਆਲੂ ਦੀ ਬਿਜਾਈ ਸ਼ੁਰੂ ਕੀਤੀ ਤੇ ਪ੍ਰਤੀ ਏਕੜ 144 ਲਾਈਨਾਂ ਵਿੱਚੋਂ ਤਕਰੀਬਨ 140 ਕੁਇੰਟਲ ਪ੍ਰਤੀ ਏਕੜ ਆਲੂਆਂ ਦਾ ਝਾੜ ਪ੍ਰਾਪਤ ਕੀਤਾ। (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਉਸਨੇ ਇਹ ਵੀ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਉਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ, ਸਗੋਂ ਪਰਾਲੀ ਨੂੰ ਜ਼ਮੀਨ ਵਿੱਚ ਡੀ-ਕੰਪੋਜ਼ ਕਰਕੇ ਇਸਦਾ ਲਾਭ ਲਿਆ ਹੈ।

ਖੇਤੀ ਮਾਹਿਰ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਗਰਮੀ ਕਾਰਨ ਆਮ ਕਿਸਾਨਾਂ ਦੇ ਖੇਤਾਂ ਵਿੱਚ ਆਲੂਆਂ ਦੀ ਫ਼ਸਲ ਦਾ ਝਾੜ ਘਟਿਆ ਹੈ ਪਰ ਬੈੱਡ ਪਲਾਂਟੇਸ਼ਨ (ਵੱਟਾਂ) ਤਕਨੀਕ ਤੇ ਫ਼ੁਹਾਰਾ ਸਿਸਟਮ ਸਿੰਜਾਈ ਨਾਲ ਆਲੂਆਂ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ।