ਜਦੋਂ ਅੱਕੇ ਕਿਸਾਨਾਂ ਨੇ ਥਾਣੇ ਅੱਗੇ ਪਰਾਲੀ ਸਾੜ ਕੇ ਪੁਲੀਸ ਦਾ ਕੱਢਿਆ ‘ਧੂੰਆਂ’

October 17, 2017

ਸਰਕਾਰ ਵੱਲੋਂ ਪਰਾਲੀ ਸਮੇਟਨ ਲਈ ਮੁਆਵਜ਼ੇ ਦਾ ਐਨਾਲ ਨਾ ਕਰਨ ਵਿਰੁੱਧ ਅੱਕੇ ਹੋਏ ਕਿਸਾਨਾਂ ਨੇ ਇਲਾਕੇ ’ਚ ਪਰਾਲੀ ਸਾੜਨ ਦੇ ਰੁਝਾਨ ਨੂੰ ਤੇਜ਼ ਕਰ ਦਿੱਤਾ ਹੈ। ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਲਾਮਵੰਦ ਕਰਕੇ ਵੱਖ-ਵੱਖ ਪਿੰਡਾਂ ’ਚ ਪਰਾਲੀ ਸਾੜੀ ਜਾ ਰਹੀ ਹੈ।

ਇਸੇ ਲੜੀ ਤਹਿਤ ਸੈਂਕੜੇ ਕਿਸਾਨਾਂ ਨੇ ਅੱਜ ਥਾਣਾ ਫੂਲ ਦੇ ਅੱਗੇ ਖੇਤਾਂ ‘ਚ ਪਰਾਲੀ ਸਾੜ ਕੇ ਪੁਲੀਸ ਨੂੰ ਸਿੱਧੀ ਚੁਣੌਤੀ ਦਿੱਤੀ ਜਦੋਂਕਿ ਪੁਲੀਸ ਨੇ ਧੂੰਆਂ ਦੇਖ ਕੇ ਅੱਖਾਂ ਬੰਦ ਕਰ ਲਈਆਂ। ਕਸਬਾ ਫੂਲ ਦੇ ਕਿਸਾਨਾਂ ਨੇ ਕਰੀਬ 75 ਏਕੜ ਰਕਬੇ ’ਚ ਝੋਨੇ ਦੀ ਪਰਾਲੀ ਨੂੰ ਅੱਗ ਲਾਈ। ਫੂਲ ਗਿੱਲ ਕਲਾਂ ਸੜਕ ਮਾਰਗ ’ਤੇ ਥਾਣਾ ਫੂਲ ਪੈਂਦਾ ਹੈ ਜਿਸ ਅੱਗੇ ਸ਼ਮਸ਼ਾਨਘਾਟ ਹੈ ਜਿਸ ਦੇ ਪਿਛਵਾੜੇ ’ਚ ਖੇਤ ਪੈਂਦੇ ਹਨ ਜਿਨ੍ਹਾਂ ’ਚ ਪਰਾਲੀ ਸਾੜੀ ਗਈ।

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਅੱਜ ਕਿਸਾਨਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੇ ਬਕਾਇਦਾ ਪੁਲੀਸ ਨੂੰ ਕਿਸਾਨ ਤਾਕਤ ਦਾ ਜਲਵਾ ਦਿਖਾਉਣ ਲਈ ਥਾਣੇ ਦੇ ਅੱਗੇ ਵਾਲੇ ਖੇਤਾਂ ਦੀ ਚੋਣ ਕੀਤੀ ਜਿਥੇ ਪਰਾਲੀ ਨੂੰ ਅੱਗ ਲਾਈ ਗਈ।ਕਿਸਾਨਾਂ ਨੇ ਪਹਿਲਾਂ ਪਰਾਲੀ ਨੂੰ ਇਕੱਠਾ ਕੀਤਾ ਤੇ ਸੰਕੇਤਕ ਤੌਰ ’ਤੇ ਅੱਗ ਲਾਈ ਤੇ ਉਸ ਮਗਰੋਂ ਸਾਰੇ ਖੇਤਾਂ ’ਚ ਪਰਾਲੀ ਸਾੜਨ ਮਗਰੋਂ ਧੂੰਆਂ ਅਸਮਾਨੀ ਚੜ੍ਹ ਗਿਆ।

ਨੇੜੇ ਹੀ ਤਹਿਸੀਲ ਪ੍ਰਸ਼ਾਸਨ ਦੇ ਦਫ਼ਤਰ ਪੈਂਦੇ ਹਨ। ਯੂਨੀਅਨ ਦੇ ਪ੍ਰਧਾਨ ਸੁਰਜੀਤ ਫੂਲ ਨੇ ਇਸ ਮੌਕੇ ਆਖਿਆ ਕਿ ਕਿਸਾਨ ਪੁਲੀਸ ਨੂੰ ਪਰਾਲੀ ਸਾੜਨ ਦੇ ਮਾਮਲੇ ’ਤੇ ਸਿੱਧੇ ਟੱਕਣਗੇ ਕਿਉਂਕਿ ਕਿਸਾਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੇ ਅੱਜ ਪਰਾਲੀ ਪੁਲੀਸ ਥਾਣੇ ਦੇ ਨੱਕ ਹੇਠਾਂ ਸਾੜੀ ਹੈ ਜੋ ਪੁਲੀਸ ਨੂੰ ਵੰਗਾਰਿਆ ਗਿਆ ਹੈ।