ਜੇਕਰ ਤੁਸੀਂ ਅਗੇਤੀ ਬਾਸਮਤੀ ਲਾਉਂਦੇ ਹੋ ਤਾਂ ਹੋ ਸਕਦਾ ਹੈ ਇਹ ਨੁਕਸਾਨ

ਬਾਸਮਤੀ ਚਾਵਲ ਵਿਚ ਵਿਲੱਖਣ ਗੁਣ ਜਿਵੇਂ ਕਿ ਲੰਬੇ ਪਤਲੇ ਚੌਲ, ਇਕ ਖਾਸ ਕਿਸਮ ਦੀ ਖ਼ੁਸ਼ਬੂ, ਮਿਠਾਸ, ਮੁਲਾਇਮ-ਵਧੀਆ ਸਵਾਦ ਅਤੇ ਪਕਾਉਣ ਉਪਰੰਤ ਚੌਲਾਂ ਦਾ ਦੁਗਣੇ ਜਾਂ ਇਸ ਤੋਂ ਵੀ ਜ਼ਿਆਦਾ ਲੰਬੇ ਹੋ ਜਾਣਾ ਵਿਸ਼ਵ ਵਿਚ ਇਸ ਸ਼੍ਰੇਣੀ ਨੂੰ ਇਕ ਵੱਖਰੀ ਪਹਿਚਾਣ ਦਿੰਦੇ ਹਨ। ਬਾਸਮਤੀ ਦੇ ਇਹ ਖਾਸ ਗੁਣ ਤਾਂ ਹੀ ਵਿਕਸਿਤ ਹੁੰਦੇ ਹਨ ਜਦੋਂ ਇਨ੍ਹਾਂ ਨੂੰ ਸਹੀ ਭੂਗੋਲਿਕ ਸਥਿਤੀ ਅਤੇ ਵਾਤਾਵਰਨ ਵਿਚ ਲਗਾਇਆ ਜਾਵੇ ।

ਬਾਸਮਤੀ ਦੇ ਉੱਤਮ ਗੁਣ ਤਾਂ ਹੀ ਪ੍ਰਾਪਤ ਹੁੰਦੇ ਹਨ ਜਦੋਂ ਦਾਣੇ ਭਰਨ ਸਮੇਂ ਸਵੇਰ ਅਤੇ ਸ਼ਾਮ ਦਾ ਤਾਪਮਾਨ ਠੰਢਾ ਅਤੇ ਦਿਨ ਦਾ ਤਾਪਮਾਨ ਜ਼ਿਆਦਾ ਹੋਵੇ। ਬਾਸਮਤੀ ਦੀਆਂ ਪੁਰਾਤਨ ਕਿਸਮਾਂ ਜਿਵੇਂ ਕਿ ਬਾਸਮਤੀ 370 ਅਤੇ ਬਾਸਮਤੀ 386 ਪ੍ਰਕਾਸ਼ ਨੂੰ ਸੰਵੇਦਨਸ਼ੀਲ ਕਿਸਮਾਂ ਸਨ ਅਤੇ ਇਹ ਕਿਸਮਾਂ ਸਹੀ ਸਮੇਂ (ਅਖੀਰ ਸਤੰਬਰ ਜਾਂ ਅਕਤੂਬਰ ਦੇ ਸ਼ੁਰੂ ਵਿਚ) ਉੱਤੇ ਹੀ ਪੱਕਦੀਆਂ ਸਨ।

ਪਰੰਤੂ ਕਿਉਂਕਿ ਪੂਸਾ ਬਾਸਮਤੀ 1509 ਪ੍ਰਕਾਸ਼ ਨੂੰ ਅਸੰਵੇਦਨਸ਼ੀਲ ਕਿਸਮ ਹੈ (ਲਗਾਉਣ ‘ਤੇ 120 ਦਿਨਾਂ ਵਿਚ ਪੱਕ ਜਾਂਦੀ ਹੈ) ਇਸ ਲਈ ਬਾਸਮਤੀ ਦੀ ਗੁਣਵੰਤਾ ਕਾਇਮ ਰੱਖਣ ਲਈ ਇਸ ਦੀ ਸਹੀ ਸਮੇਂ ਤੇ ਲੁਆਈ ਅਤੀ ਜ਼ਰੂਰੀ ਹੈ। ਜੁਲਾਈ ਦਾ ਦੂਜਾ ਪੰਦਰਵਾੜਾ ਇਸ ਕਿਸਮ ਦੀ ਲੁਆਈ ਲਈ ਢੁੱਕਵਾਂ ਹੈ। ਇਸ ਸਮੇਂ ਲਗਾਈ ਗਈ ਫ਼ਸਲ ਅਕਤੂਬਰ ਦੇ ਦੁਜੇ ਪੰਦਰਵਾੜ੍ਹੇ ਵਿਚ ਪੱਕਦੀ ਹੈ ਜਦੋਂ ਬਾਸਮਤੀ ਦੇ ਉਤਮ ਗੁਣ ਜਿਵੇਂ ਮਹਿਕ, ਪਾਰਦਰਸ਼ੀ ਦਾਣਿਆਂ ਅਤੇ ਸਾਬਤ ਚੌਲਾਂ ਦੀ ਵਧ ਪ੍ਰਾਪਤੀ ਲਈ ਵਾਤਾਵਰਨ ਬਿਲਕੁਲ ਅਨੁਕੂਲ ਹੁੰਦਾ ਹੈ।

ਪ੍ਰੰਤੂ ਪਿਛਲੇ ਸਾਲ ਦੌਰਾਨ ਪੰਜਾਬ ਦੇ ਉਤਸ਼ਾਹਿਤ ਕਿਸਾਨਾਂ ਵੱਲੋਂ ਯੂਨੀਵਰਸਿਟੀ ਦੀਆਂ ਸ਼ਿਫਾਰਸ਼ਾਂ ਨੂੰ ਅਣਗੌਲਿਆਂ ਕਰਦਿਆਂ ਇਸ ਕਿਸਮ ਦੀ ਲੁਆਈ ਜੂਨ ਮਹੀਨੇ ਵਿਚ ਪਰਮਲ ਝੋਨੇ ਦੇ ਨਾਲ ਹੀ ਕਰ ਦਿੱਤੀ ਗਈ ਅਤੇ ਇਹ ਕਿਸਮ ਜਲਦੀ (ਸਤੰਬਰ ਦੇ ਸ਼ੁਰੂ ਵਿਚ) ਪੱਕ ਗਈ ਜਦੋਂ ਦਿਨ ਅਤੇ ਰਾਤ ਦੋਵਾਂ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ। ਘੱਟ ਸਮਾਂ ਲੈਣ ਕਾਰਨ ਇਹ ਕਿਸਮ ਪਰਮਲ ਝੋਨੇ ਦੀਆਂ ਕਿਸਮਾਂ ਤੋਂ ਵੀ ਪਹਿਲਾਂ ਪੱਕ ਗਈ। ਇਸ ਕਾਰਨ ਕਿਸਾਨ ਵੀਰਾਂ ਨੂੰ ਮੰਡੀਕਰਨ ਵਿਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਕਿਸਾਨਾਂ ਦੇ ਖੇਤਾਂ ਤੋਂ ਅਗੇਤੀ ਅਤੇ ਸਮੇਂ ਸਿਰ ਬੀਜੀ ਪੂਸਾ ਬਾਸਮਤੀ 1509 ਕਿਸਮ ਦੇ ਨਮੂਨੇ ਇਕੱਠੇ ਕੀਤੇ ਗਏ। ਇਨ੍ਹਾਂ ਦੀ ਕੱਚੇ ਅਤੇ ਸੇਲੇ ਦੇ ਤੌਰ ‘ਤੇ ਛੜਾਈ ਕੀਤੀ ਗਈ। ਨਤੀਜਿਆਂ ਵਿਚ ਪਾਇਆ ਗਿਆ ਹੈ ਕਿ ਇਸ ਕਿਸਮ ਦੀ ਅਗੇਤੀ ਬਿਜਾਈ ਨਾਲ ਕੁੱਲ ਅਤੇ ਸਾਬਤ ਚੋਲਾਂ ਦੀ ਪ੍ਰਾਪਤੀ ਕੱਚੀ ਛੜਾਈ ਦੌਰਾਨ ਲੱਗਪਗ 3 ਫੀਸਦੀ ਅਤੇ 11 ਫੀਸਦੀ ਕ੍ਰਮਵਾਰ ਘਟਦੀ ਹੈ।

ਅਗੇਤੀ ਬੀਜੀ ਫ਼ਸਲ ਵਿਚ ਚਾਕੀ (ਗ਼ੈਰ-ਪਾਰਦਰਸ਼ੀ) ਦਾਣਿਆਂ ਦੀ ਮਾਤਰਾ ਸਮੇਂ ਸਿਰ ਬੀਜੀ ਫ਼ਸਲ ਨਾਲੋਂ 8% ਜ਼ਿਆਦਾ ਸੀ। ਪਾਰਬੁਆਲਿੰਗ ਤਕਨੀਕ (ਸੇਲਾ) ਨਾਲ ਕੁੱਲ ਅਤੇ ਸਾਬਤ ਚੌਲਾਂ ਦੀ ਪ੍ਰਾਪਤੀ ਵਿਚ ਕੱਚੇ ਚੌਲਾਂ ਤੋਂ ਕਾਫੀ ਵਾਧਾ ਪਾਇਆ ਗਿਆ। ਪਰੰਤੂ ਇਸ ਵਿਧੀ ਨਾਲ ਵੀ ਅਗੇਤੀ ਬਿਜਾਈ ਵਾਲੀ ਫ਼ਸਲ ਵਿਚ ਕੁੱਲ ਅਤੇ ਸਾਬਤ ਚੌਲਾਂ ਦੀ ਮਾਤਰਾ ਵਿਚ 4 ਫ਼ੀਸਦੀ ਅਤੇ 14 ਫ਼ੀਸਦੀ ਕ੍ਰਮਵਾਰ ਘਾਟਾ ਪਾਇਆ ਗਿਆ।