ਅਗੇਤੇ ਝੋਨੇ ਦਾ ਪਤਾ ਲੱਗਣ ਤੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਖਿਲਾਫ ਚੁੱਕਿਆ ਇਹ ਕਦਮ

ਸਰਕਾਰ ਵੱਲੋਂ ਤੈਅ ਕੀਤੇ ਸਮੇਂ 15 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਦੇ ਖਿਲਾਫ ਸਖ਼ਤੀ ਵਰਤਦੇ ਹੋਏ ਮਹਿਕਮੇ ਵਲੋਂ ਕਿਸਾਨਾਂ ਦੇ ਖੇਤ ਵਾਹੁਣੇ ਸ਼ੁਰੂ ਹੋ ਚੁੱਕੇ ਹਨ। ਇਸ ਕਾਰਵਾਈ ਤਹਿਤ ਖੇਤੀਬਾੜੀ ਵਿਭਾਗ ਨੇ ਪਿੰਡ ਜਨਾਲ ਦੇ ਕਿਸਾਨ ਰਾਮ ਸਿੰਘ ਅਤੇ ਪਿੰਡ ਮੋਜੋਵਾਲ ਦੇ ਕਿਸਾਨ ਗੁਰਬਾਜ ਸਿੰਘ ਦੀ ਡੇਢ-ਡੇਢ ਏਕੜ ਝੋਨਾ ਵਾਹ ਦਿੱਤਾ ਹੈ। ਇੰਨਾਂ ਹੀ ਨਹੀਂ ਝੋਨਾ ਵਾਹੁਣ ਦਾ ਖਰਚਾ ਵੀ ਕਿਸਾਨਾਂ ਤੋਂ ਲ਼ਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ. ਜਗਤਾਰ ਸਿੰਘ ਬਰਾੜ ਨੇ ਦਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਮੇਂ-ਸਮੇਂ ਇਸ ਐਕਟ ਬਾਰੇ ਜਾਗਰੂਕ ਕੀਤਾ ਗਿਆ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਹੋ ਰਹੀ ਗਿਰਾਵਟ ਕਾਰਨ ਸਰਕਾਰ ਵਲੋਂ ਪੰਜਾਬ ਪਰਜਰਵੇਸ਼ਨ ਆਫ਼ ਸਬ ਸੁਆਇਲ ਵਾਟਰ ਐਕਟ 2009 ਲਾਗੂ ਕੀਤਾ ਗਿਆ ਹੈ ਜਿਸ ਅਨੁਸਾਰ 15 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ‘ਤੇ ਪਾਬੰਦੀ ਹੈ।

ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਮਾਨਸਾ ਨੇੜਲੇ ਪਿੰਡ ਬੱਪੀਆਣਾ ਵਿੱਚ ਇਕ ਕਿਸਾਨ ਨੂੰ ਸਮੇਂ ਤੋਂ ਪਹਿਲਾਂ ਝੋਨਾ ਲਾਉਂਦਿਆਂ ਫੜੇ ਜਾਣ ਤੋਂ ਬਾਅਦ ਉਸ ਦਾ ਦੋ ਏਕੜ ਵਿਚ ਲੱਗਿਆ ਝੋਨਾ ਵਹਾਇਆ ਗਿਆ।ਮਾੜੀ ਮੁਸਤਫ਼ਾ ਵਿੱਚ ਕਿਸਾਨ ਦਾ ਅਗੇਤਾ ਲਾਇਆ ਝੋਨਾ ਖੇਤੀਬਾੜੀ ਵਿਭਾਗ ਵੱਲੋਂ ਵਾਹ ਦਿੱਤਾ ਗਿਆ ਹੈ। ਕਿਸਾਨ ਚਮਕੌਰ ਸਿੰਘ ਨੇ ਬਾਬਾ ਸਿੱਧ ਵਾਲੇ ਰਾਹ ’ਤੇ ਤਿੰਨ ਏਕੜ ਕਰੀਬ ਅਗੇਤਾ ਝੋਨਾ ਲਾ ਦਿੱਤਾ ਸੀ। ਪ੍ਰਸ਼ਾਸਨ ਨੂੰ ਭਿਣਕ ਪੈਦਿਆਂ ਹੀ

ਖੇਤੀਬਾੜੀ ਵਿਭਾਗ ਦੇ ਡਾ. ਗੁਰਮਿੰਦਰ ਸਿੰਘ , ਡਾ. ਨਵਦੀਪ ਸਿੰਘ, ਡਾ. ਧਰਮਵੀਰ ਸਿੰਘ ਅਤੇ ਡਾ. ਜਰਨੈਲ ਸਿੰਘ ਨੇ ਕਿਸਾਨ ਨੂੰ ਅਗੇਤੇ ਝੋਨੇ ਬਾਰੇ ਸਰਕਾਰੀ ਹੁਕਮਾਂ ਬਾਰੇ ਦੱਸਿਆ। ਕਿਸਾਨ ਚਮਕੌਰ ਸਿੰਘ ਨੇ ਖੇਤੀਬਾੜੀ ਅਫਸਰਾਂ ਨਾਲ ਰਜ਼ਾਮੰਦ ਹੁੰਦਿਆਂ ਆਪਣੇ ਹੀ ਟਰੈਕਟਰ ਨਾਲ ਝੋਨਾ ਵਾਹ ਦਿੱਤਾ। ਇਸ ਸਬੰਧੀ ਕਿਤੇ ਵੀ ਪਰਚਾ ਦਰਜ ਨਹੀਂ ਕੀਤਾ ਗਿਆ।