ਪਰਾਲੀ ਵਾਹੁਣ ਗਏ ਕਿਸਾਨ ਨਾਲ ਵਾਪਰਿਆ ਇਹ ਦਰਦਨਾਕ ਹਾਦਸਾ

October 11, 2017

ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਕਲੇਰ ਦੇ ਇਕ ਕਿਸਾਨ ਸਤਨਾਮ ਸਿੰਘ ਪੁੱਤਰ ਸੁਲੱਖਣ ਸਿੰਘ ਦਾ ਟਰੈਕਟਰ ਨਾਲ ਪਰਾਲੀ ਖੇਤਾਂ ‘ਚ ਤਵੀਆਂ ਨਾਲ ਕੁਤਰਨ ਮੌਕੇ ਦਰਦਨਾਕ ਮੌਤ ਹੌਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਨੂੰ 5 ਵਜੇ ਦੇ ਕਰੀਬ ਸਤਨਾਮ ਸਿੰਘ ਆਪਣੇ ਟਰੈਕਟਰ ਨਾਲ ਝੋਨੇ ਦੀ ਪਰਾਲੀ ਨੂੰ ਖੇਤਾਂ ‘ਚ ਕੁਤਰ ਰਿਹਾ ਸੀ ਕਿ ਅਚਾਨਕ ਗਿੱਲੀ ਮਿੱਟੀ ਆਉਣ ਕਰਕੇ ਟਰੈਕਟਰ ਸਲਿੱਪ ਕਰਨ ਕਰਕੇ ਉਹ ਚੱਲਦੇ ਟਰੈਕਟਰ ਤੋਂ ਹੇਠਾਂ ਉੱਤਰ ਕੇ ਪਰਾਲੀ ਨੂੰ ਟਰੈਕਟਰ ਦੇ ਟਾਇਰਾਂ ਹੇਠਾਂ ਸੁੱਟਣ ਲੱਗਾ ਤਾਂ ਪਰਾਲੀ ਕਰਕੇ ਟਰੈਕਟਰ ਅੱਗੇ ਚੱਲ ਕੇ ਝੋਨੇ ਵੱਲ ਜਾਣ ਲੱਗਾ। ਜਿਸ ਨੂੰ ਕੰਟਰੋਲ ਕਰਨ ਲਈ ਸਤਨਾਮ ਸਿੰਘ ਟਰੈਕਟਰ ‘ਤੇ ਚੜਣ ਲੱਗਾ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਟਰੈਕਟਰ ਦੇ ਪਿੱਛਲੇ ਟਾਇਰਾਂ ਹੇਠ ਆਉਣ ਤੋਂ ਬਾਅਦ ਤਵੀਆਂ ਨਾਲ ਕੱਟਿਆ ਗਿਆ। ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।

ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਦੇ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਮਿ੍ਰਤਕ ਆਪਣੇ ਪਿੱਛੇ ਦੋ ਧੀਆਂ ਜੋ ਕਿ 6 ਸਾਲ ਅਤੇ 3 ਸਾਲ ਦੀਆਂ ਹਨ ਛੱਡ ਗਿਆ ਹੈ।ਇਸ ਝੋਨੇ ਦੀ ਪਰਾਲੀ ਨੇ ਇਕ ਨੌਜਵਾਨ ਪੁੱਤ, ਦੋ ਭੈਣਾਂ ਦਾ ਭਰਾ ਅਤੇ ਦੋ ਧੀਆਂ ਦਾ ਪਿਤਾ ਉਨ੍ਹਾਂ ਕੋਲੋ ਖੋਹ ਲਿਆ ਹੈ। ਇਸ ਮੌਕੇ ਪਰਿਵਾਰ ਅਤੇ ਰਿਸ਼ਤੇਦਾਰਾਂ ‘ਚ ਹਾਹਾਕਾਰ ਮੱਚੀ ਹੋਈ ਸੀ ਅਤੇ ਮਾਹੌਲ ਬੇਹੱਦ ਗੰਭੀਰ ਸੀ। ਇਸ ਮੌਕੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜੀ ਗਈ ਹੈ।